ਗੁਰਬਖ਼ਸ਼ਪੁਰੀ
ਤਰਨ ਤਾਰਨ, 25 ਜੂਨ
ਪੱਟੀ ਦੇ ਪਿੰਡ ਕੈਰੋ ਵਿੱਚ ਇਕ ਪਰਿਵਾਰ ਦੇ ਚਾਰ ਜੀਆ ਸਣੇ ਪੰਜ ਜਣਿਆ ਦੇ ਬੀਤੀ ਰਾਤ ਬੇਰਹਿਮੀ ਨਾਲ ਤੇਜ਼ਧਾਰ ਹਥਿਆਰਾਂ ਨਾਲ ਗਲੇ ਵੱਢ ਦਿੱਤੇ। ਮ੍ਰਿਤਕਾ ਵਿੱਚ ਪਰਿਵਾਰ ਦਾ ਮੁਖੀ ਬ੍ਰਿਜ ਲਾਲ (56), ਉਸ ਦੀਆਂ ਨੂੰਹਾਂ ਜਸਪ੍ਰੀਤ ਕੌਰ( 28), ਅਮਨਦੀ ਕੌਰ (26), ਪੁੱਤਰ ਦਲਜੀਤ ਸਿੰਘ ਬੰਟੀ (22) ਤੇ ਡਰਾਈਵਰ ਗੁਰਸਾਹਿਬ ਸਿੰਘ ਸਾਬਾ ਸ਼ਾਮਲ ਹਨ। ਵਾਰਦਾਤ ਵਿੱਚ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕੀਤੀ ਗਈ। ਬ੍ਰਿਜ ਲਾਲ ਦੀ ਲੜਕੀ ਸਰਬਜੀਤ ਕੌਰ ਨੇ ਦੱਸਿਆ ਕਿ ਹਮਲਾਵਰਾਂ ਦੀ ਗਿਣਤੀ 5 ਤੋਂ ਜ਼ਿਆਦਾ ਸੀ। ਹਮਲਾਵਾਰਾਂ ਨੇ ਅੱਧੀ ਰਾਤ ਘਰ ਅੰਦਰ ਦਾਖਲ ਹੋ ਕੇ ਬ੍ਰਿਜ ਲਾਲ ਦੇ ਡਰਾਈਵਰ ਨੂੰ ਮੌਕੇ ’ਤੇ ਸੱਦਿਆ। ਬ੍ਰਿਜ ਲਾਲ ਨੇ ਅਜੇ ਕੁੱਝ ਦਿਨ ਪਹਿਲਾਂ ਆਪਣੀ ਜ਼ਮੀਨ ਵੇਚੀ ਸੀ ਅਤੇ ਸਮਝਿਆ ਜਾ ਰਿਹਾ ਹੈ ਕਿ ਕਾਤਲ ਡਰਾਈਵਰ ਕੋਲੋਂ ਵੇਚੀ ਜ਼ਮੀਨ ਦੀ ਰਕਮ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਸਨ। ਮ੍ਰਿਤਕਾਂ ਦੇ ਪਤੀ ਬਖ਼ਸ਼ੀਸ਼ ਸਿੰਘ ਸੋਨੂੰ ਪਰਮਜੀਤ ਸਿੰਘ ਪੰਮਾ ਨਸ਼ੇੜੀ ਹਨ ਤੇ ਉਹ ਤਰਨ ਤਾਰਨ ਦੇ ਕਿਸੇ ਪ੍ਰਾਈਵੇਟ ਹਸਪਤਾਲ ਤੋਂ ਇਲਾਜ ਕਰਵਾ ਰਹੇ ਹਨ, ਜਦ ਕਿ ਬ੍ਰਿਜ ਲਾਲ ਵੀ ਨਸ਼ਿਆਂ ਦੇ ਕਾਰੋਬਾਰ ਦੇ ਦੋਸ਼ ਵਿੱਚ ਕਈ ਕੇਸਾਂ ਦਾ ਸਾਹਮਣਾ ਕਰ ਰਿਹਾ ਸੀ। ਉਸ ਦੀ ਪਤਨੀ ਰਣਜੀਤ ਕੌਰ ਰਾਣੀ ਦੀ ਨਸ਼ਿਆਂ ਦਾ ਧੰਦਾ ਕਰਨ ਲਈ ਬਦਨਾਮ ਸੀ ਉਸ ਦੀ ਵੀ ਮਹੀਨਾ ਪਹਿਲਾਂ ਹੀ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਮੌਤ ਹੋ ਗਈ ਸੀ। ਮੌਕੇ ’ਤੇ ਐੱਸਐੱਸਸੀ ਧਰੁਵ ਦਹੀਆ ਪੁੱਜ ਗਏ ਹਨ ਤੇ ਪੁਲੀਸ ਨੇ ਡਾਗ ਸਕੁਐਡ ਤੇ ਫੌਰੈਂਸਿਕ ਟੀਮ ਨੂੰ ਭੇਜ ਦਿੱਤਾ ਹੈ।