ਦਿਲਬਾਗ ਸਿੰਘ ਗਿੱਲ
ਅਟਾਰੀ, 14 ਜਨਵਰੀ
ਵਿਸ਼ੇਸ਼ ਟਾਸਕ ਫੋਰਸ (ਐੱਸਟੀਐੱਫ) ਨੇ ਭਾਰਤ-ਪਾਕਿਸਤਾਨ ਸਰਹੱਦ ਤੋਂ ਲਗਪਗ ਇੱਕ ਕਿਲੋਮੀਟਰ ਦੀ ਦੂਰੀ ’ਤੇ ਅਟਾਰੀ ਤੋਂ ਬੱਚੀਵਿੰਡ ਨੂੰ ਜਾਂਦੀ ਸੜਕ ’ਤੇ ਬਾਬਾ ਗੁਲਾਬ ਸ਼ਾਹ ਦੀ ਮਜ਼ਾਰ ਵੱਲ ਜਾਂਦੇ ਰਸਤੇ ਨੇੜੇ ਪੰਜ ਕਿਲੋ ਧਮਾਕਾਖੇਜ਼ ਸਮੱਗਰੀ (ਆਈਈਡੀ) ਤੇ ਇਕ ਲੱਖ ਰੁਪਏ ਦੀ ਨਗ਼ਦੀ ਬਰਾਮਦ ਕੀਤੀ ਹੈ। ਬੰਬ ਨਕਾਰਾ ਦਸਤੇ ਨੇ ਧਮਾਕਾਖੇਜ਼ ਸਮੱਗਰੀ ਨੂੰ ਨਸ਼ਟ ਕਰ ਦਿੱਤਾ ਹੈ। ਐੱਸਟੀਐੱਫ ਵੱਲੋਂ ਫੜੀ ਗਈ ਧਮਾਕਾਖੇਜ਼ ਸਮੱਗਰੀ ਦੀ ਮਿਕਦਾਰ ਪੁਲਵਾਮਾ ਵਿੱਚ ਸੁਰੱਖਿਆ ਬਲਾਂ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਉਣ ਲਈ ਵਰਤੀ ਗਈ ਸੀ।
ਐੱਸਟੀਐੱਫ ਦੇ ਏਆਈਜੀ (ਬਾਰਡਰ ਰੇਂਜ) ਰਸ਼ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਹੱਦੀ ਇਲਾਕੇ ਵਿੱਚ ਨਸ਼ੀਲੇ ਪਦਾਰਥ ਦੀ ਖੇਪ ਅਤੇ ਹਥਿਆਰ ਲੁਕਾ ਕੇ ਰੱਖੇ ਜਾਣ ਦੀ ਸੂਹ ਮਿਲੀ ਸੀ। ਲਿਹਾਜ਼ਾ ਐੱਸਟੀਐੱਫ ਦੀ ਟੀਮ ਨੇ ਲੰਘੀ ਰਾਤ ਤੋਂ ਹੀ ਤਲਾਸ਼ੀ ਮੁਹਿੰਮ ਵਿੱਢ ਦਿੱਤੀ ਸੀ। ਇਸ ਦੌਰਾਨ ਉਨ੍ਹਾਂ ਨੂੰ ਬਾਬਾ ਗੁਲਾਬ ਸ਼ਾਹ ਦੀ ਮਜ਼ਾਰ ਨੂੰ ਜਾਂਦੇ ਰਸਤੇ ’ਤੇ ਪਲਾਸਟਿਕ ਵਿੱਚ ਲਪੇਟਿਆ ਕੁਝ ਦਿਖਾਈ ਦਿੱਤਾ। ਉਨ੍ਹਾਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਫੌਰੀ ਬੰਬ ਨਕਾਰਾ ਦਸਤੇ ਨੂੰ ਮੌਕੇ ’ਤੇ ਸੱਦ ਲਿਆ। ਦਸਤੇ ਨੇ ਹੀ ਉਨ੍ਹਾਂ ਨੂੰ ਧਮਾਕਾਖੇਜ਼ ਸਮੱਗਰੀ ਦੀ ਮਿਕਦਾਰ ਪੰਜ ਕਿਲੋ ਹੋਣ ਬਾਰੇ ਦੱਸਿਆ ਤੇ ਮੌਕੇ ਤੋਂ ਇੱਕ ਲੱਖ ਰੁਪਏ ਭਾਰਤੀ ਕਰੰਸੀ ਵੀ ਬਰਾਮਦ ਹੋਈ। ਦਸਤੇ ਨੇ ਧਮਾਕਾਖੇਜ਼ ਸਮੱਗਰੀ ਨੂੰ ਬੜੀ ਸਾਵਧਾਨੀ ਨਾਲ ਨਸ਼ਟ ਕਰ ਦਿੱਤਾ ਹੈ। ਰਸ਼ਪਾਲ ਸਿੰਘ ਨੇ ਦੱਸਿਆ ਕਿ ਇਹ ਧਮਾਕਾਖੇਜ਼ ਸਮੱਗਰੀ ਪਾਕਿਸਤਾਨ ਤੋਂ ਹੀ ਭਾਰਤ ਆਈ ਹੈ ਅਤੇ ਭਾਰਤ ਵਿੱਚ ਰਹਿੰਦੇ ਦਹਿਸ਼ਤਗਰਦਾਂ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਹਾਲ ਦੀ ਘੜੀ ਐੱਸਟੀਐੱਫ ਟੀਮ ਤੇ ਬੰਬ ਵਿਰੋਧੀ ਦਸਤੇ ਤੋਂ ਸਾਰੇ ਤੱਥ ਇਕੱਠੇ ਕਰ ਲਏ ਗਏ ਹਨ, ਜਿਸ ਦੇ ਆਧਾਰ ’ਤੇ ਅਗਲੀ ਜਾਂਚ ਸ਼ੁਰੂ ਕੀਤੀ ਜਾਵੇਗੀ। ਉਂਜ ਅਜੇ ਤੱਕ ਇਸ ਮਾਮਲੇ ਵਿੱਚ ਕਿਸੇ ਨੂੰ ਵੀ ਹਿਰਾਸਤ ਵਿੱਚ ਨਹੀਂ ਲਿਆ ਗਿਆ।
ਦਿੱਲੀ ਦੀ ਗਾਜ਼ੀਪੁਰ ਫੁੱਲ ਮੰਡੀ ’ਚ ਮਿਲੀ ਧਮਾਕਾਖੇਜ਼ ਸਮੱਗਰੀ
ਨਵੀਂ ਦਿੱਲੀ (ਪੱਤਰ ਪ੍ਰੇਰਕ): ਕੌਮੀ ਰਾਜਧਾਨੀ ਦੀ ਗਾਜ਼ੀਪੁਰ ਫੁੱਲ ਮੰਡੀ ਵਿੱਚ ਇੱਕ ਲਾਵਾਰਸ ਬੈਗ ’ਚੋਂ ਧਮਾਕਾਖੇਜ਼ ਸਮੱਗਰੀ (ਆਈਈਡੀ) ਬਰਾਮਦ ਹੋਣ ਨਾਲ ਦਹਿਸ਼ਤ ਫੈਲ ਗਈ। ਆਈਈਡੀ ਦਾ ਸਮੇਂ ਸਿਰ ਪਤਾ ਲੱਗਣ ਮਗਰੋਂ ਇਸ ਨੂੰ ਨਕਾਰਾ ਕਰ ਦਿੱਤਾ ਗਿਆ। ਇਹ ਆਈਈਡੀ ਗਣਤੰਤਰ ਦਿਵਸ ਦੇ ਜਸ਼ਨਾਂ ਤੋਂ ਪਹਿਲਾਂ ਬਰਾਮਦ ਹੋਈ ਹੈ ਜਿਸ ਨਾਲ ਵੱਡੇ ਧਮਾਕੇ ਦੀ ਯੋਜਨਾ ਨਾਕਾਮ ਬਣਾ ਦਿੱਤੀ ਗਈ ਹੈ। ਸ਼ਹਿਰ ’ਚ ਸੁਰੱਖਿਆ ਪ੍ਰਬੰਧ ਪਹਿਲਾਂ ਹੀ ਹਾਈ ਅਲਰਟ ’ਤੇ ਹਨ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 10.19 ਵਜੇ ਫੁੱਲ ਬਾਜ਼ਾਰ ਵਿਚ ਸ਼ੱਕੀ ਬੈਗ ਦੀ ਸੂਚਨਾ ਮਿਲੀ ਸੀ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਪਹਿਲਾਂ ਕਿਹਾ ਸੀ ਕਿ ਬਾਜ਼ਾਰ ਵਿੱਚ ਇੱਕ ਸ਼ੱਕੀ ਧਾਤੂ ਦਾ ਬਕਸਾ ਮਿਲਿਆ ਹੈ। ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਦੇ ਅਧਿਕਾਰੀਆਂ, ਐੱਨਐੱਸਜੀ ਦੀ ਬੰਬ ਖੋਜੀ ਟੀਮ ਅਤੇ ਅੱਗ ਬੁਝਾਊ ਦਸਤੇ ਜਲਦੀ ਹੀ ਮੌਕੇ ’ਤੇ ਪਹੁੰਚੇ ਅਤੇ ਇਲਾਕੇ ਨੂੰ ਘੇਰ ਲਿਆ। ਐੱਨਐੱਸਜੀ ਦੇ ਇਕ ਅਧਿਕਾਰੀ ਨੇ ਕਿਹਾ,‘‘ਸਾਨੂੰ ਦਿੱਲੀ ਪੁਲੀਸ ਨੇ ਸਵੇਰੇ 11 ਵਜੇ ਦੇ ਕਰੀਬ ਸ਼ੱਕੀ ਵਸਤੂ ਮਿਲਣ ਬਾਰੇ ਸੂਚਿਤ ਕੀਤਾ ਸੀ। ਆਈਈਡੀ ਨੂੰ ਨਸ਼ਟ ਕਰ ਦਿੱਤਾ ਗਿਆ ਹੈ ਅਤੇ ਉਸ ਦੇ ਨਮੂਨੇ ਇਕੱਠੇ ਕੀਤੇ ਗਏ ਹਨ।’’ ਦਿੱਲੀ ਪੁਲੀਸ ਕਮਿਸ਼ਨਰ ਰਾਕੇਸ਼ ਅਸਥਾਨਾ ਮੁਤਾਬਕ ਇਹ ਆਈਈਡੀ/ਬੰਬ ਇੱਕ ਗਾਹਕ ਵੱਲੋਂ ਮੰਡੀ ’ਚ ਰੱਖਿਆ ਗਿਆ ਸੀ।