ਜਗਤਾਰ ਸਿੰਘ ਲਾਂਬਾ/ਜਸਬੀਰ ਸਿੰਘ ਚਾਨਾ
ਅੰਮ੍ਰਿਤਸਰ/ਫਗਵਾੜਾ, 12 ਜੁਲਾਈ
ਲੰਘੀ ਰਾਤ ਝੱਖੜ ਅਤੇ ਭਾਰੀ ਮੀਂਹ ਦੇ ਨਾਲ ਅੰਮ੍ਰਿਤਸਰ, ਫਗਵਾੜਾ ਅਤੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਮਹੌਲੀ ’ਚ ਘਰਾਂ ਦੀਆਂ ਛੱਤਾਂ ਡਿੱਗਾਂ ਕਾਰਨ ਪੰਜ ਮੌਤਾਂ ਹੋਈਆਂ ਗਈਆਂ ਜਦਕਿ ਦੋ ਜਣੇ ਜ਼ਖਮੀ ਹੋ ਗਏ। ਮ੍ਰਿਤਕਾਂ ਵਿੱਚ ਪਤੀ-ਪਤਨੀ, ਮਾਂ-ਧੀ ਅਤੇ ਇਕ ਲੜਕੀ ਸ਼ਾਮਲ ਹਨ।
ਅੰਮ੍ਰਿਤਸਰ ’ਚ ਢੈਪਈ ਰੋਡ ’ਤੇ ਲੋਹਾਰਾ ਮੁਹੱਲੇ ’ਚ ਇਕ ਘਰ ਦੀ ਛੱਤ ਡਿੱਗਣ ਕਾਰਨ ਅੰਦਰ ਸੁੱਤੇ ਸੁੱਤੇ ਪਤੀ ਪਤਨੀ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਸ਼ਨਾਖਤ ਰਵਿੰਦਰ ਸਿੰਘ ਅਤੇ ਹਰਪ੍ਰੀਤ ਕੌਰ ਵਜੋਂ ਹੋਈ ਹੈ। ਉਨ੍ਹਾਂ ਦਾ ਵਿਆਹ ਕੁਝ ਸਮਾਂ ਪਹਿਲਾਂ ਹੀ ਹੋਇਆ ਸੀ ਅਤੇ ਮ੍ਰਿਤਕਾ ਗਰਭਵਤੀ ਸੀ। ਇਸ ਦੌਰਾਨ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਵੱਲੋਂ ਦੋ ਲੱਖ ਰੁਪਏ ਅਤੇ ਆਪਣੇ ਵੱਲੋਂ 20 ਹਜ਼ਾਰ ਰੁਪਏ ਦੀ ਮਦਦ
ਦੇਣ ਦਾ ਐਲਾਨ ਕਰਦਿਆਂ ਮਕਾਨ ਦੇਣ ਦਾ ਭਰੋਸਾ ਦਿੱਤਾ ਹੈ।
ਮਿਲੇ ਵੇਰਵਿਆਂ ਮੁਤਾਬਕ ਕਮਰੇ ਦੀ ਛੱਤ ਖਸਤਾ ਹਾਲ ਸੀ। ਲੰਘੀ ਰਾਤ ਭਾਰੀ ਮੀਂਹ ਅਤੇ ਝੱਖੜ ਚੱਲਣ ਨਾਲ ਛੱਤ ਡਿੱਗ ਪਈ ਤੇ ਅੰਦਰ ਸੁੱਤੇ ਹੋਏ ਪਤੀ-ਪਤਨੀ ਦੀ ਮਲਬੇ ਹੇਠ ਦੱਬੇ ਗਏ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਹਾਦਸਾ ਵਾਪਰਨ ਮਗਰੋਂ ਮੁਹੱਲੇ ਵਾਲਿਆਂ ਨੇ ਇਕੱਠੇ ਹੋ ਕੇ ਮਲਬਾ ਹਟਾਉਣ ਦਾ ਯਤਨ ਕੀਤਾ ਪਰ ਮੀਂਹ ਅਤੇ ਝੱਖੜ ਦੌਰਾਨ ਉਨ੍ਹਾਂ ਨੂੰ ਬਚਾਉਣ ਦੇ ਇਹ ਯਤਨ ਅਸਫਲ ਰਹੇ। ਅੱਜ ਸਵੇਰੇ ਮੌਕੇ ਵਾਲੀ ਥਾਂ ’ਤੇ ਪੁਲੀਸ ਪੁੱਜੀ ਸੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਕੁਝ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਗੁਆਂਢੀਆਂ ਵੱਲੋਂ ਬਣਾਈ ਗਈ ਕੰਧ ਦੇ ਡਿੱਗਣ ਨਾਲ ਪਏ ਭਾਰ ਕਾਰਨ ਛੱਤ ਡਿੱਗੀ ਹੈ।
ਇਸੇ ਦੌਰਾਨ ਫਗਵਾੜਾ ਦੇ ਮੁਹੱਲਾ ਸਤਕਰਤਾਰੀਆ ਵਿੱਚ ਇੱਕ ਘਰ ਦੀ ਛੱਤ ਡਿੱਗਣ ਨਾਲ ਪਰਿਵਾਰ ਦੇ ਚਾਰ ਮੈਂਬਰ ਛੱਤ ਹੇਠ ਦੱਬ ਗਏ। ਊਨ੍ਹਾਂ ਨੂੰ ਬਾਹਰ ਕੱਢਣ ਲਈ ਘਰ ਦੇ ਮਾਲਕ ਰੌਲਾ ਪਾਉਂਦੇ ਰਹੇ ਪਰ ਕੋਈ ਗੁਆਂਢ ’ਚੋਂ ਕਿਸੇ ਦੇ ਨਾ ਆਊਣ ਕਾਰਨ ਮਾਂ ਤੇ ਧੀ ਦੀ ਮੌਤ ਹੋ ਗਈ ਜਦਕਿ ਪਿਉ-ਧੀ ਜ਼ਖ਼ਮੀ ਹੋ ਗਏ, ਜੋ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਹਨ।
ਮੁਹੱਲਾ ਕੋਟਰਾਣੀ ਦੇ ਸਾਬਕਾ ਕੌਂਸਲਰ ਨਰੇਸ਼ ਕੋਟਰਾਣੀ ਨੇ ਦੱਸਿਆ ਕਿ ਇਹ ਘਰ ਉਨ੍ਹਾਂ ਦੇ ਸਹੁਰੇ ਪਰਿਵਾਰ ਦਾ ਹੈ। ਘਰ ਦੀ ਉੱਪਰਲੀ ਮੰਜ਼ਿਲ ’ਤੇ ਜੈ ਪ੍ਰਕਾਸ਼, ਉਸ ਦੀ ਪਤਨੀ ਸਵਿਤਾ (28), ਲੜਕੀ ਮਾਹੀ (8) ਅਤੇ ਪ੍ਰਿਆ (5) ਰਹਿੰਦੇ ਸਨ। ਰਾਤ 12.30 ਵਜੇ ਦੇ ਕਰੀਬ ਊਹ ਛੱਤ ’ਤੇ ਸੁੱਤੇ ਪਏ ਸਨ ਕਿ ਅਚਾਨਕ ਝੱਖੜ ਤੇ ਬੱਦਲ ਗਰਜਣ ਕਾਰਨ ਛੱਤ ਡਿੱਗ ਪਈ ਅਤੇ ਪਰਿਵਾਰ ਹੇਠਾਂ ਧੱਸ ਗਿਆ।
ਨਰੇਸ਼ ਮੁਤਾਬਕ ਹੇਠਲੀ ਮੰਜ਼ਿਲ ’ਤੇ ਸੁੱਤੇ ਊਸਦੇ ਸਹੁਰਾ ਪਰਿਵਾਰ ਨੇ ਚੀਕਾਂ ਦੀ ਆਵਾਜ਼ਾਂ ਸੁਣ ਕੇ ਆਂਢ-ਗੁਆਂਢ ’ਚ ਘਰਾਂ ਦੇ ਦਰਵਾਜ਼ੇ ਖੜਕਾਏ ਪਰ ਕੋਈ ਵੀ ਮਦਦ ਲਈ ਨਾ ਨਿਕਲਿਆ। ਸੂਚਨਾ ਦੇਣ ’ਤੇ ਊਨ੍ਹਾਂ ਨੇ 3-4 ਕਿਲੋਮੀਟਰ ਦੀ ਦੂਰੀ ’ਤੇ ਆ ਕੇ ਆਪਣੇ ਸਾਥੀਆਂ ਨੇ ਊਕਤ ਪਰਿਵਾਰ ਨੂੰ ਮਲਬੇ ’ਚੋਂ ਕੱਢਿਆ ਤੇ ਐਬੂਲੈਂਸ ਰਾਹੀਂ ਸਿਵਲ ਹਸਪਤਾਲ ਭਿਜਵਾਇਆ ਜਿੱਥੇ ਡਾਕਟਰਾਂ ਨੇ ਸਵਿਤਾ (28) ਤੇ ਮਾਹੀ (8) ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਖ਼ਮੀ ਜੈ ਪ੍ਰਕਾਸ਼ ਤੇ ਪ੍ਰਿਆ ਜ਼ੇਰੇ ਇਲਾਜ ਹਨ।
ਮਹੋਲੀ ਖੁਰਦਵਿੱਚ ਲੜਕੀ ਦੀ ਮੌਤ
ਸੰਦੌੜ (ਮੁਕੰਦ ਸਿੰਘ ਚੀਮਾ): ਨੇੜਲੇ ਪਿੰਡ ਮਹੋਲੀ ਖੁਰਦ ’ਚ ਲੰਘੀ ਰਾਤ ਭਾਰੀ ਮੀਂਹ ਨਾਲ ਇੱਕ ਘਰ ਦੀ ਛੱਤ ਕਾਰਨ 24 ਵਰ੍ਹਿਆ ਦੀ ਲੜਕੀ ਸਬੀਨਾ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਲੰਘੀ ਰਾਤ ਕਰੀਬ ਇੱਕ ਵਜੇ ਭਾਰੀ ਮੀਂਹ ਪੈ ਰਿਹਾ ਸੀ ਤਾਂ ਇਹ ਲੜਕੀ ਘਰ ਦਾ ਇੱਕ ਕਮਰਾ ਨੀਂਵਾ ਹੋਣ ਕਾਰਨ ਅੰਦਰ ਵੜ ਰਿਹਾ ਮੀਂਹ ਦਾ ਪਾਣੀ ਬਾਹਰ ਕੱਢ ਰਹੀ ਸੀ ਕਿ ਅਚਾਨਕ ਕਮਰੇ ਦੀ ਛੱਤ ਉਸ ’ਤੇ ਡਿੱਗ ਪਈ। ਸਬੀਨਾ ਦੇ ਸਿਰ ’ਤੇ ਗੰਭੀਰ ਸੱਟਾਂ ਲੱਗਣ ਕਾਰਨ ਉਸਦੀ ਮੌਤ ਹੋ ਗਈ।