ਸੌਰਭ ਮਲਿਕ
ਚੰਡੀਗੜ੍ਹ, 29 ਅਕਤੂੁਬਰ
ਐਡਵੋਕੇਟ ਵਿਕਾਸ ਸੂਰੀ, ਸੰਦੀਪ ਮੌਦਗਿਲ, ਵਿਨੋਦ ਸ਼ਰਮਾ ਭਾਰਦਵਾਜ, ਪੰਕਜ ਜੈਨ ਤੇ ਜਸਜੀਤ ਸਿੰਘ ਬੇਦੀ ਨੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਧੀਕ ਜੱਜਾਂ ਵਜੋਂ ਹਲਫ਼ ਲਿਆ। ਹਾਈ ਕੋਰਟ ਦੇ ਚੀਫ਼ ਜਸਟਿਸ ਰਵੀ ਸ਼ੰਕਰ ਝਾਅ ਨੇ ਇਕ ਸਾਦੇ ਸਮਾਗਮ ਦੌਰਾਨ ਉਨ੍ਹਾਂ ਨੂੰ ਹਲਫ਼ ਦਿਵਾਇਆ। ਸਮਾਗਮ ਵਿੱਚ ਹਾਈ ਕੋਰਟ ਦੇ ਸੀਟਿੰਗ ਜੱਜ ਮੌਜੂਦ ਸਨ। ਇਨ੍ਹਾਂ ਨਵੀਆਂ ਨਿਯੁਕਤੀਆਂ ਨਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਜੱਜਾਂ ਦੀ ਗਿਣਤੀ 50 ਹੋ ਗਈ ਹੈ, ਹਾਲਾਂਕਿ ਜੱਜਾਂ ਦੀਆਂ ਮਨਜ਼ੂਦਸ਼ੁਦਾ ਅਸਾਮੀਆਂ ਦੀ ਗਿਣਤੀ 85 ਹੈ। ਸੁਪਰੀਮ ਕੋਰਟ ਕੌਲਿਜੀਅਮ ਨੇ ਵਧੀਕ ਜੱਜਾਂ ਵਜੋਂ ਪੰਜ ਨਾਵਾਂ ਨੂੰ ਸਤੰਬਰ ਮਹੀਨੇ ਵਿੱਚ ਹੀ ਪ੍ਰਵਾਨਗੀ ਦੇ ਦਿੱਤੀ ਸੀ, ਜਦੋਂਕਿ ਕੇਂਦਰ ਸਰਕਾਰ ਨੇ ਅਪਰੈਲ ਮਹੀਨੇ ਹੀ ਨਾਂ ਭੇਜ ਦਿੱਤੇ ਸਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪਿਛਲੇ ਸਾਲ ਅਗਸਤ ਵਿੱਚ ਨਿਯੁਕਤੀ ਲਈ ਕੁਝ ਨਾਵਾਂ ਦੀ ਸਿਫਾਰਸ਼ ਕੀਤੀ ਸੀ।