ਪੱਤਰ ਪ੍ਰੇਰਕ
ਤਰਨ ਤਾਰਨ, 20 ਜਨਵਰੀ
ਪਿੰਡ ਗੁਲਾਲੀਪੁਰ ਵਿੱਚ ਕੱਲ੍ਹ ਗੈਂਗਸਟਰਾਂ ਦੀ ਆਪਸੀ ਖਹਿਬਾਜ਼ੀ ਵਿੱਚ ਕਤਲ ਕੀਤੇ ਗਏ ਹਰੀਕੇ ਦੇ ਵਸਨੀਕ ਸੁਖਪ੍ਰੀਤ ਸਿੰਘ ਸੁੱਖ ਦੇ ਮਾਮਲੇ ਵਿੱਚ ਥਾਣਾ ਸਦਰ ਦੀ ਪੁਲੀਸ ਨੇ ਵਿਦੇਸ਼ ਤੋਂ ਆਪਣਾ ਗੈਂਗ ਚਲਾ ਰਹੇ ਲਖਬੀਰ ਸਿੰਘ ਲੰਡਾ ਸਮੇਤ ਪੰਜ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਲੰਡਾ ਨੂੰ ਹਾਲ ਹੀ ਵਿੱਚ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਨੇ ਅਤਿਵਾਦੀ ਐਲਾਨਿਆ ਹੈ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਨਰੇਸ਼ ਕੁਮਾਰ ਨੇ ਦੱਸਿਆ ਕਿ ਲਖਬੀਰ ਸਿੰਘ ਲੰਡਾ ਤੋਂ ਇਲਾਵਾ ਹੋਰਨਾਂ ਮੁਲਜ਼ਮਾਂ ਵਿੱਚ ਹਰੀਕੇ ਵਾਸੀ ਮਹਿਕ, ਮੱਖੂ ਵਾਸੀ ਗੁਰਪ੍ਰੀਤ ਸਿੰਘ, ਸ਼ਾਹਬਾਜ਼ਪੁਰ ਵਾਸੀ ਮਿੱਠੂ ਮਰਾੜੀ ਸਿੰਘ ਤੇ ਸੁਖਮਨਪ੍ਰੀਤ ਸਿੰਘ ਉਰਫ ਕਾਲੂ ਦਾ ਨਾਮ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਸੁਖਪ੍ਰੀਤ ਸਿੰਘ ਸੁੱਖ ਇੱਕ ਕਤਲ ਕੇਸ ਵਿੰਚ ਹਰੀਕੇ ਪੁਲੀਸ ਵੱਲੋਂ ਭਗੌੜਾ ਐਲਾਨਿਆ ਹੋਇਆ ਸੀ ਤੇ ਉਹ ਪਿਛਲੇ ਚਾਰ ਮਹੀਨਿਆਂ ਤੋਂ ਗੁਲਾਲੀਪੁਰ ਸਥਿਤ ਆਪਣੀ ਭੂਆ ਕੋਲ ਲੁੁਕਿਆ ਹੋਇਆ ਸੀ। ਇਥੇ ਉਹ ਸੁਖਮਨਪ੍ਰੀਤ ਸਿੰਘ ਉਸ ਦੇ ਫਾਰਮ ਹਾਉਸ ’ਤੇ ਰਹਿ ਰਿਹਾ ਸੀ। ਬੀਤੇ ਦਿਨ ਉਸ ਦਾ ਕਤਲ ਕਰਕੇ ਹਮਲਾਵਰ ਸੁਖਮਨਪ੍ਰੀਤ ਸਿੰਘ ਕਾਲੂ ਨੂੰ ਆਪਣੇ ਨਾਲ ਲੈ ਗਏ ਸਨ।