ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 19 ਅਗਸਤ
ਨਜ਼ਦੀਕੀ ਕਸਬਾ ਬੇਲਾ ਵਿੱਚ ਦੋ ਪਰਿਵਾਰਾਂ ਦੀ ਰਸਤੇ ਅਤੇ ਪਾਣੀ ਦੇ ਪਾਈਪ ਪਾਉਣ ਤੋਂ ਹੋਈ ਲੜਾਈ ਵਿੱਚ ਪੰਜ ਔਰਤਾਂ ਤੇ ਇੱਕ ਨੌਜਵਾਨ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇੱਥੋਂ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪਹਿਲੀ ਧਿਰ ਦੀ ਹਰਭਜਨ ਕੌਰ ਨੇ ਦੱਸਿਆ ਕਿ ਉਨ੍ਹਾਂ ਆਪਣੇ ਜੇਠ ਖੁਸ਼ੀਏ ਨਾਲ ਮਿਲ ਕੇ ਸਾਂਝਾ ਪਲਾਟ ਖ਼ਰੀਦਿਆ ਸੀ ਜਿਸ ਵਿੱਚ ਰਸਤਾ ਵੀ ਸਾਂਝਾ ਛੱਡਿਆ ਗਿਆ ਸੀ। ਹੁਣ ਖੁਸ਼ੀਏ ਦਾ ਪਰਿਵਾਰ ਉਨ੍ਹਾਂ ਨੂੰ ਰਸਤੇ ਵਿੱਚੋਂ ਲੰਘਣ ਨਹੀਂ ਦਿੰਦਾ ਜਦੋਂਕਿ ਇਸ ਰਸਤੇ ਵਿੱਚ ਉਨ੍ਹਾਂ ਦੇ ਘਰ ਦੇ ਪਾਣੀ ਵਾਲੇ ਪਾਈਪ ਲੱਗੇ ਹੋਏ ਹਨ। ਅੱਜ ਜਦੋਂ ਉਸ ਦੇ ਜੇਠ ਦੀ ਨੂੰਹ ਜਸਵੀਰ ਕੌਰ ਨੂੰ ਉਨ੍ਹਾਂ ਦੀ ਥਾਂ ਵਿੱਚੋਂ ਪਾਈਪ ਪਾਉਣ ਤੋਂ ਰੋਕਿਆ ਤਾਂ ਆਪਣੀ ਦਰਾਣੀ ਰਣਜੀਤ ਕੌਰ ਅਤੇ ਆਪਣੇ ਲੜਕੇ ਮਨਦੀਪ ਸਿੰਘ ਨਾਲ ਮਿਲ ਕੇ ਉਨ੍ਹਾਂ ’ਤੇ ਇੱਟਾਂ ਰੋੜਿਆਂ ਤੇ ਸੋਟੀਆਂ ਨਾਲ ਹਮਲਾ ਕਰ ਦਿੱਤਾ।
ਦੂਜੇ ਪਾਸੇ, ਜਸਵੀਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਜਸਵੀਰ ਸਿੰਘ ਵਿਦੇਸ਼ ਵਿੱਚ ਰਹਿੰਦਾ ਹੈ। ਰਸਤੇ ਦਾ ਫ਼ੈਸਲਾ ਪੁਲੀਸ ਨੇ ਉਸ ਦੇ ਪਤੀ ਦੇ ਆਉਣ ’ਤੇ ਰੱਖਿਆ ਹੋਇਆ ਹੈ। ਜਸਵੀਰ ਕੌਰ ਨੇ ਦੱਸਿਆ ਕਿ ਅੱਜ ਜਦੋਂ ਉਹ ਆਪਣੀ ਥਾਂ ਵਿੱਚ ਪਾਣੀ ਵਾਲਾ ਪਾਈਪ ਅੱਗੇ ਨਾਲੇ ਵਿੱਚ ਪਾਉਣ ਲਈ ਕੰਮ ਕਰ ਰਹੇ ਸਨ ਤਾਂ ਹਰਭਜਨ ਕੌਰ ਨੇ ਆਪਣੀਆਂ ਨੂੰਹਾਂ ਨਰਿੰਦਰ ਕੌਰ ਅਤੇ ਮਨਪ੍ਰੀਤ ਕੌਰ ਸਣੇ ਇੱਟਾਂ ਰੋੜਿਆਂ ਤੇ ਸੋਟੀਆਂ ਨਾਲ ਹਮਲਾ ਕਰ ਦਿੱਤਾ। ਦੋਵੇਂ ਧਿਰਾਂ ਦੇ ਜ਼ਖ਼ਮੀ ਹੋਏ ਮੈਬਰਾਂ ਦੇ ਸਿਰਾਂ ਵਿੱਚ ਟਾਂਕੇ ਲੱਗੇ ਹਨ।
ਪੁਲੀਸ ਚੌਕੀ ਬੇਲਾ ਦੇ ਇੰਚਾਰਜ ਸਿਮਰਜੀਤ ਸਿੰਘ ਨੇ ਦੱਸਿਆ ਕਿ ਦੋਵੇਂ ਪਰਿਵਾਰਾਂ ਦਾ ਥਾਂ ਤੋਂ ਝਗੜਾ ਹੈ ਚੱਲਦਾ ਹੈ। ਉਨ੍ਹਾਂ ਕਿਹਾ ਕਿ ਝਗੜੇ ਦੇ ਕਾਰਨਾਂ ਦਾ ਪਤਾ ਲਗਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।