ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 6 ਨਵੰਬਰ
ਕਿਸਾਨ ਜਥੇਬੰਦੀਆਂ ਅਤੇ ‘ਆਪ’ ਦੀ ਲੀਡਰਸ਼ਿਪ ਨੇ ਅੱਜ ਗਿਲੇ-ਸ਼ਿਕਵੇ ਦੂਰ ਕਰਦਿਆਂ ਬੀਤੇ ਦਿਨ ਉੱਭਰੇ ਤਲਖ਼ ਮਾਹੌਲ ’ਤੇ ‘ਪੋਚਾ ਫੇਰ’ ਦਿੱਤਾ ਹੈ। ਮਾਮਲੇ ਦੀ ਅਸਲ ਵਜ੍ਹਾ ਸੀ ਕਿ ‘ਆਪ’ ਦੇ ਇੱਕ ਆਗੂ ਨੇ ਉਸ ਧਰਨੇ ’ਚੋਂ ਨਾਦਾਰਦ ਭਾਕਿਯੂ (ਉਗਰਾਹਾਂ) ਦਾ ਝੰਡਾ ਚੁੱਕਿਆ ਹੋਇਆ ਸੀ। ਬੀਤੇ ਦਿਨ ‘ਚੱਕਾ ਜਾਮ’ ਮੌਕੇ ਬਠਿੰਡਾ ਦੇ ਭਾਈ ਘਨ੍ਹੱਈਆ ਚੌਕ ’ਚ ਲੱਗੇ ਧਰਨੇ ਦੌਰਾਨ ਕਿਸਾਨ ਆਗੂਆਂ ਅਤੇ ‘ਆਪ’ ਦੇ ਆਗੂ ਆਪਸ ਵਿੱਚ ਖਹਬਿੜ ਪਏ ਸਨ। ਅੱਜ ਦੋਵਾਂ ਧਿਰਾਂ ਨੇ ਇਥੇ ਟੀਚਰਜ਼ ਹੋਮ ’ਚ ਮੀਟਿੰਗ ਕਰਕੇ ਇਸ ਘਟਨਾ ’ਤੇ ਮਿੱਟੀ ਪਾਉਣ ਦਾ ਫ਼ੈਸਲਾ ਲਿਆ। ‘ਆਪ’ ਦੇ ਜ਼ਿਲ੍ਹਾ ਜਨਰਲ ਸਕੱਤਰ ਰਾਕੇਸ਼ ਪੁਰੀ ਨੇ ਪੁਸ਼ਟੀ ਕੀਤੀ ਕਿ ਮੀਟਿੰਗ ’ਚ ਗੱਲ ਸਾਫ਼ ਹੋ ਗਈ ਕਿ ਇਕੱਠ ’ਚ ਇੱਕ ਵਿਸ਼ੇਸ਼ ਕਿਸਾਨ ਯੂਨੀਅਨ ਦਾ ਝੰਡਾ ਉਨ੍ਹਾਂ ਦੇ ਆਗੂ ਨੂੰ ਕਿਸੇ ਨੇ ਜਾਣਬੁੱਝ ਕੇ ਫੜਾ ਦਿੱਤਾ। ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ ਨੇ ਇਸ ਨੂੰ ਅਫਸੋਸਨਾਕ ਦੱਸਿਆ।