ਚਰਨਜੀਤ ਭੁੱਲਰ
ਚੰਡੀਗੜ੍ਹ, 21 ਦਸੰਬਰ
ਕਿਸਾਨ ਅੰਦੋਲਨ ਨੇ ‘ਉੱਡਤਾ ਪੰਜਾਬ’ ਦੇ ਮਿਹਣੇ ਦਾ ਦਾਗ ਧੋ ਦਿੱਤਾ ਅਤੇ ਇਸ ਘੋਲ ਨੇ ਜਵਾਨੀ ਨੂੰ ਨਵਾਂ ਜਨਮ ਦਿੱਤਾ ਹੈ। ਕਿਸਾਨੀ ਘੋਲ ਨੇ ਨਸ਼ਿਆਂ ਨੂੰ ਬੰਨ੍ਹ ਮਾਰ ਦਿੱਤਾ ਅਤੇ ਅੰਦੋਲਨ ਦੇ ਜੋਸ਼ ’ਤੇ ਜਨੂੰਨ ਨੇ ਪੰਜਾਬ ਦੇ ਹਜ਼ਾਰਾਂ ਘਰ ਬਚਾ ਲਏ ਹਨ, ਜਿਨ੍ਹਾਂ ਦੇ ਮੁੰਡੇ ਕੁਰਾਹੇ ਪੈਣ ਲੱਗੇ ਸਨ। ‘ਦਿੱਲੀ ਮੋਰਚੇ’ ਵਿਚ ਜਵਾਨੀ ਸੰਘਰਸ਼ੀ ਨਸ਼ੇ ਦੇ ਲੋਰ ’ਚ ਝੂਮ ਰਹੀ ਹੈ।
ਕਿਸਾਨ ਘੋਲ ਦਾ ਭਵਿੱਖ ਕੁਝ ਵੀ ਹੋਵੇ ਪ੍ਰੰਤੂ ਇਸ ਨੇ ਜਵਾਨੀ ਨੂੰ ਗਲਤ ਭਟਕਣਾ ’ਚੋਂ ਨਿਕਲਣ ਦਾ ਰਾਹ ਦਿਖਾਇਆ ਹੈ। ਸੰਗਰੂਰ ਦੇ ਪਿੰਡ ਮਾਂਗੇਵਾਲ ਨੇ ਕੁਝ ਨੌਜਵਾਨ ‘ਦਿੱਲੀ ਮੋਰਚੇ’ ਵਿਚ ਕੁੱਦੇ ਹੋਏ ਹਨ। ਉਹ ਮੰਨਦੇ ਹਨ ਕਿ ਜੇਕਰ ਅੰਦੋਲਨ ਦੀ ਗੂੰਜ ਨਾ ਪੈਂਦੀ ਤਾਂ ਉਨ੍ਹਾਂ ਨੇ ਕਦੇ ਨਸ਼ੇ ਦੀ ਚੇਟਕ ਤੋਂ ਮੂੰਹ ਨਹੀਂ ਮੋੜਨਾ ਸੀ। ਭਦੌੜ ਇਲਾਕੇ ਅਤੇ ਪਿੰਡ ਭੈਣੀ ਫੱਤਾ ਦੇ ਕਈ ਮੁੰਡੇ ਵੀ ਕਿਸਾਨੀ ਘੋਲ ਨਾਲ ਜੁੜੇ ਹਨ, ਜਿਨ੍ਹਾਂ ਦੇ ਪਰਿਵਾਰਾਂ ਨੇ ਸੁੱਖ ਦਾ ਸਾਹ ਲਿਆ ਹੈ। ਤਲਵੰਡੀ ਸਾਬੋ ਖ਼ਿੱਤੇ ਦੇ ਦਰਜਨਾਂ ਪਿੰਡਾਂ ਦੇ ਮੁੰਡੇ ਕਿਸਾਨੀ ਘੋਲ ’ਚ ਕੁੱਦੇ ਹਨ, ਜਿਨ੍ਹਾਂ ਨੂੰ ਪਹਿਲਾਂ ਨਸ਼ੇ ਦੀ ਤਲਬ ਰਹਿੰਦੀ ਸੀ। ਨਸ਼ਾ ਵਿਰੋਧੀ ਮੰਚ ਦੇ ਆਗੂ ਰੁਪਿੰਦਰ ਸਿੱਧੂ ਨੇ ਦੱਸਿਆ ਕਿ ਦਰਜਨਾਂ ਨੌਜਵਾਨ ਗਲਤ ਬੰਨਿਓਂ ਮੁੜੇ ਹਨ, ਜੋ ਹੁਣ ਦਿੱਲੀ ਮੋਰਚੇ ’ਚ ਦਿਨ-ਰਾਤ ਡਿਊਟੀ ਦੇ ਰਹੇ ਸਨ। ਕਈ ਨੌਜਵਾਨਾਂ ਨੇ ਸ਼ਰਾਬ ਵੀ ਛੱਡ ਦਿੱਤੀ ਹੈ। ਵੇਰਵਿਆਂ ਅਨੁਸਾਰ ਜ਼ਿਲ੍ਹਾ ਮਾਨਸਾ ’ਚ ਸ਼ਰਾਬ ਦੇ 200 ਪੇਂਡੂ ਠੇਕਿਆਂ ’ਤੇ 20 ਤੋਂ 25 ਫ਼ੀਸਦੀ ਤੱਕ ਸ਼ਰਾਬ ਦੀ ਵਿਕਰੀ ਘਟ ਗਈ ਹੈ। ਪਰਮ ਵਾਈਨ ਦੇ ਮਾਲਕਾਂ ਨੇ ਦੱਸਿਆ ਕਿ ਬਹੁਤੇ ਠੇਕਿਆਂ ’ਤੇ 20 ਫ਼ੀਸਦੀ ਵਿਕਰੀ ਘਟੀ ਹੈ। ਜਿਹੜੇ ਪਿੰਡਾਂ ਵਿਚ ਕਿਸਾਨ ਜਥੇਬੰਦੀਆਂ ਦਾ ਜ਼ੋਰ ਜ਼ਿਆਦਾ ਹੈ, ਉਥੇ ਅਸਰ ਵੱਧ ਪਿਆ ਹੈ। ਲੁਧਿਆਣਾ ਅਤੇ ਫਤਹਿਗੜ੍ਹ ਸਾਹਿਬ ਦੇ ਪੇਂਡੂ ਠੇਕਿਆਂ ’ਤੇ 25 ਫ਼ੀਸਦੀ ਵਿਕਰੀ ਘਟੀ ਹੈ। ਠੇਕੇਦਾਰ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਕਿਸਾਨ ਅੰਦੋਲਨ ਕਰਕੇ ਪਿੰਡਾਂ ਵਿਚ ਵਿਕਰੀ ਕਾਫੀ ਘੱਟ ਗਈ ਹੈ। ਰਾਮਾਂ ਮੰਡੀ ਦੇ ਇਲਾਕੇ ਵਿਚ ਨਸ਼ਾ ਛੁਡਾਊ ਮੁਹਿੰਮ ਚਲਾ ਰਹੇ ਵਿਨੋਦ ਜੈਨ ਨੇ ਦੱਸਿਆ ਕਿ 50 ਫ਼ੀਸਦੀ ਨੌਜਵਾਨਾਂ ਨੂੰ ਕਿਸਾਨ ਘੋਲ ਨੇ ਨਸ਼ਿਆਂ ਤੋਂ ਦੂਰ ਕਰ ਦਿੱਤਾ ਹੈ। ਟਿਕਰੀ ਸਰਹੱਦ ’ਤੇ ਕਈ ਬਜ਼ੁਰਗਾਂ ਨਾਲ ਉਨ੍ਹਾਂ ਦੇ ਨੌਜਵਾਨ ਪੋਤਰੇ ਵੀ ਪੁੱਜੇ ਹੋਏ ਹਨ। ਇਨ੍ਹਾਂ ਮਾਪਿਆਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪੁੱਤ-ਪੋਤਰੇ, ਜੋ ਕੁਰਾਹੇ ਪੈਣ ਲੱਗੇ ਸਨ, ’ਚ ਅੰਦੋਲਨ ਨੇ ਨਵਾਂ ਜ਼ੋਸ ਭਰ ਦਿੱਤਾ ਹੈ। ਪਿੰਡ ਘੁੰਮਣ ਕਲਾਂ ਦੇ ਕਿਸਾਨ ਆਗੂ ਸਿਕੰਦਰ ਸਿੰਘ ਨੇ ਦੱਸਿਆ ਕਿ ਜੋ ਨੌਜਵਾਨ ਨਸ਼ਾ ਛੁਡਾਊ ਕੇਂਦਰਾਂ ਵਿਚ ਭਰਤੀ ਹੋਣ ਮਗਰੋਂ ਵੀ ਨਸ਼ਾ ਨਹੀਂ ਛੱਡ ਸਕੇ ਸਨ, ਉਨ੍ਹਾਂ ਨੂੰ ਸੰਘਰਸ਼ੀ ਚੇਟਕ ਲੱਗ ਗਈ ਅਤੇ ਮਾਪੇ ਇਸ ਦਾ ਸਿਹਰਾ ਕਿਸਾਨ ਘੋਲ ਨੂੰ ਦੇ ਰਹੇ ਹਨ। ਮੁਕਤਸਰ ਦੇ ਪਿੰਡ ਕੋਟਲੀ ਦੇਵਨ ਦੇ ਵਿੱਕੀ ਦਾ ਕਹਿਣਾ ਹੈ ਕਿ ਜੋ ਨੌਜਵਾਨ ਪੰਜਾਬ ਵਿਚ ਲਗਾਤਾਰ ਕਿਸਾਨ ਅੰਦੋਲਨ ਵਿਚ ਜਾਂਦੇ ਰਹੇ, ਉਨ੍ਹਾਂ ਨੇ ਉਸਾਰੂ ਮੋੜਾ ਕੱਟਿਆ ਹੈ। ਅਬੋਹਰ, ਫਾਜ਼ਿਲਕਾ ਦੇ ਪਿੰਡਾਂ ਵਿਚ ਨਸ਼ੇ ਦਾ ਪ੍ਰਕੋਪ ਘਟਿਆ ਹੈ। ਵੇਰਵਿਆਂ ਅਨੁਸਾਰ ਬਰਨਾਲਾ ਦੇ ਪਿੰਡਾਂ ਵਿਚ ਸ਼ਰਾਬ ਦੀ ਵਿਕਰੀ ਹੇਠਾਂ ਡਿੱਗੀ ਹੈ। ਪਿੰਡ ਚੌਹਾਨ ਕੇ ਦੇ ਠੇਕੇ ’ਤੇ ਸ਼ਰਾਬ ਦੀ ਵਿਕਰੀ ਰੋਜ਼ਾਨਾ 20 ਹਜ਼ਾਰ ਦੀ ਹੁੰਦੀ ਸੀ, ਜੋ ਹੁਣ 50 ਫ਼ੀਸਦੀ ਰਹਿ ਗਈ ਹੈ। ਇਵੇਂ ਪਿੰਡ ਗਹਿਲ ਦੇ ਠੇਕੇ ਤੋਂ ਸ਼ਰਾਬ ਦੀ ਵਿਕਰੀ ਰੋਜ਼ਾਨਾ 30 ਹਜ਼ਾਰ ਤੋਂ ਘਟ ਕੇ 18 ਹਜ਼ਾਰ ਦੀ ਰਹਿ ਗਈ ਹੈ। ਸ਼ਰਾਬ ਠੇਕੇਦਾਰ ਅੰਕਿਤ ਸੂਦ ਨੇ ਦੱਸਿਆ ਕਿ ਪੇਂਡੂ ਠੇਕਿਆਂ ’ਤੇ ਕਰੀਬ 40 ਫ਼ੀਸਦੀ ਸ਼ਰਾਬ ਦੀ ਵਿਕਰੀ ਘੱਟ ਗਈ ਹੈ। ਬੀ.ਕੇ.ਯੂ (ਉਗਰਾਹਾਂ) ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ‘ਦਿੱਲੀ ਮੋਰਚੇ’ ਵਿਚ ਬਹੁਤ ਸਾਰੀਆਂ ਬੀਬੀਆਂ ਉਨ੍ਹਾਂ ਨੂੰ ਦੱਸਦੀਆਂ ਹਨ ਕਿ ਕਿਸਾਨੀ ਘੋਲ ਨੇ ਉਨ੍ਹਾਂ ਦੇ ਜੀਅ ਬਚਾ ਲਏ। ਦਿੱਲੀ ਮੋਰਚੇ ਵਿਚ ਰਾਤ ਵੇਲੇ ਅਕਸਰ ਇਸੇ ਤਰ੍ਹਾਂ ਦੀਆਂ ਗੱਲਾਂ-ਬਾਤਾਂ ਹੁੰਦੀਆਂ ਹਨ।
ਅੰਦੋਲਨ ਨੇ ਖੜੋਤ ਤੋੜੀ: ਪ੍ਰੋ. ਪੁਰੀ
ਪੰਜਾਬ ’ਵਰਸਿਟੀ ਦੇ ਐਜੂਕੇਸ਼ਨ ਵਿਭਾਗ ਦੇ ਪ੍ਰੋ. ਕੁਲਦੀਪ ਪੁਰੀ ਦਾ ਕਹਿਣਾ ਸੀ ਕਿ ਕਿਸਾਨੀ ਘੋਲ ਨੇ ਪੰਜਾਬ ਵਿਚ ਨਾ-ਉਮੀਦੀ ਦੀ ਖੜੋਤ ਨੂੰ ਤੋੜਿਆ ਹੈ। ਜਿਹੜੇ ਨੌਜਵਾਨਾਂ ਦੇ ਸੁਪਨੇ ਮੁੱਕ ਗਏ ਸਨ, ਉਨ੍ਹਾਂ ’ਚ ਨਵੀਂ ਆਸ ਜਗਾਈ ਹੈ, ਜਿਸ ਕਾਰਨ ਗਲਤ ਰਾਹ ’ਤੇ ਪੈਣ ਵਾਲੀ ਜਵਾਨੀ ਨੇ ਮੋੜਾ ਕੱਟਿਆ ਹੈ।