ਸੰਜੀਵ ਹਾਂਡਾ
ਫ਼ਿਰੋਜ਼ਪੁਰ, 19 ਜੁਲਾਈ
ਇਥੇ ਪਾਕਿਸਤਾਨ ਦੀ ਸਰਹੱਦ ਦੇ ਨਾਲ ਵਗਦੇ ਸਤਲੁਜ ਦਰਿਆ ਵਿਚ ਹਰੀ ਕੇ ਹੈੱਡ ਵਰਕਸ ਤੋਂ ਪਾਣੀ ਦੀ ਨਿਕਾਸੀ ਘੱਟ ਕੇ 44,577 ਕਿਊਸਿਕ ਅਤੇ ਹੁਸੈਨੀਵਾਲਾ ਹੈੱਡ ਵਰਕਸ ਤੋਂ 38,143 ਕਿਊਸਿਕ ਰਹਿ ਗਈ ਹੈ। ਪਾਣੀ ਦਾ ਪੱਧਰ ਘਟਣ ਤੇ ਰਾਹਤ ਕਾਰਜਾਂ ਵਿਚ ਤੇਜ਼ੀ ਆਉਣ ਨਾਲ ਸਰਹੱਦੀ ਇਲਾਕੇ ਵਿਚ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਸੁੱਖ ਦਾ ਸਾਹ ਆਇਆ ਹੈ। ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਬਾਰਿਸ਼ਾਂ ਅਤੇ ਹੜ੍ਹ ਨਾਲ ਅੰਦਾਜ਼ਨ 86 ਪਿੰਡਾਂ ਦਾ 13,042 ਹੈਕਟੇਅਰ ਰਕਬਾ ਪ੍ਰਭਾਵਿਤ ਹੋਇਆ ਹੈ, ਜਿਸ ’ਚੋਂ 11,418 ਹੈਕਟੇਅਰ ਰਕਬਾ ਪੂਰੀ ਤਰ੍ਹਾਂ ਨੁਕਸਾਨਿਆਂ ਗਿਆ ਹੈ। ਪ੍ਰਭਾਵਿਤ ਰਕਬੇ ਹੇਠ ਝੋਨਾ, ਮੱਕੀ, ਸਬਜ਼ੀਆਂ, ਪੁਦੀਨਾ ਅਤੇ ਮੂੰਗੀ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਸਮੂਹ ਉਪ ਮੰਡਲ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਖ਼ਰਾਬੇ ਦੀ ਮੁਕੰਮਲ ਰਿਪੋਰਟ ਛੇਤੀ ਤਿਆਰ ਕਰਨ ਤਾਂ ਜੋ ਮੁਆਵਜ਼ੇ ਦੀ ਅਦਾਇਗੀ ਜਲਦੀ ਕੀਤੀ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਹੁਣ ਤੱਕ 3200 ਤੋਂ ਵੱਧ ਰਾਸ਼ਨ ਕਿੱਟਾਂ, ਤਿਆਰ ਕੀਤਾ ਖਾਣਾ, ਤਿੰਨ ਹਜ਼ਾਰ ਦੇ ਕਰੀਬ ਪਸ਼ੂਆਂ ਲਈ ਫ਼ੀਡ ਬੈਗ, ਹਰਾ ਚਾਰਾ ਅਤੇ 805 ਤਰਪਾਲਾਂ ਵੰਡੀਆਂ ਗਈਆਂ ਹਨ। ਸਿਹਤ ਵਿਭਾਗ ਵੱਲੋਂ ਅੱਜ ਜ਼ਿਲ੍ਹੇ ਅੰਦਰ ਦੋ ਵੱਖ-ਵੱਖ ਥਾਈਂ ਮੈਡੀਕਲ ਕੈਂਪ ਲਾਏ ਗਏ। ਪਾਣੀ ਦੀ ਮਾਰ ਹੇਠ ਆਏ ਪਿੰਡ ਰੁਕਨੇ ਵਾਲਾ ਕੁਤਬਦੀਨ, ਬਸਤੀ ਕਿਸ਼ਨੇ ਵਾਲੀ, ਬੰਡਾਲਾ, ਨਿਹਾਲਾ ਲਵੇਰਾ, ਬੱਗੇ ਵਾਲਾ, ਚੱਕ ਹਾਮਦ, ਟੇਂਡੀ ਵਾਲਾ ਆਦਿ ਵਿਚ ਸਿਹਤ ਕਰਮਚਾਰੀਆਂ ਵੱਲੋਂ ਮਲੇਰੀਆ ਬੁਖ਼ਾਰ ਦੀਆਂ ਸਲਾਈਡਾਂ ਬਣਾਈਆਂ ਜਾ ਰਹੀਆਂ ਹਨ।
ਪੰਜਾਬ ਸਟੇਟ ਫ਼ੂਡ ਕਮਿਸ਼ਨ ਦੇ ਮੈਂਬਰ ਵਿਜੈ ਦੱਤ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਹੜ੍ਹ ਪ੍ਰਭਾਵਿਤ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਦੇ ਹੋਏ ਨੁਕਸਾਨ ਦੀ ਰਿਪੋਰਟ ਇੱਕ ਹਫ਼ਤੇ ਦੇ ਅੰਦਰ ਭੇਜਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਫ਼ਿਰੋਜ਼ਪੁਰ ਜ਼ਿਲ੍ਹੇ ’ਚ ਸਰਹੱਦ ਨਾਲ ਲੱਗਦੇ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿਚ ਸਤਲੁਜ ਦਰਿਆ ਦੇ ਪਾਣੀ ਨਾਲ ਕਾਫ਼ੀ ਨੁਕਸਾਨ ਹੋਇਆ ਹੈ। ਰਿਪੋਰਟ ਪ੍ਰਾਪਤ ਹੋਣ ਮਗਰੋਂ ਕਮਿਸ਼ਨ ਵੱਲੋਂ ਇਹ ਰਿਪੋਰਟ ਅੱਗੇ ਸਰਕਾਰ ਨੂੰ ਮੁਆਵਜ਼ੇ ਲਈ ਭੇਜੀ ਜਾਵੇਗੀ।