ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 20 ਜੁਲਾਈ
ਇਥੇ ਅੱਜ ਸਵੇਰੇ ਹੋਈ ਭਾਰੀ ਬਾਰਸ਼ ਕਾਰਨ ਜਿੱਥੇ ਸਥਾਨਕ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉਥੇ ਹੀ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਜਮ੍ਹਾਂ ਹੋਏ ਪਾਣੀ ਨਾਲ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਉੱਧਰ ਕੁਝ ਘੰਟਿਆਂ ਦੀ ਤੇਜ਼ ਬਾਰਸ਼ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਵੀ ਖੋਲ੍ਹ ਦਿੱਤੀ। ਤਕਰੀਬਨ ਸਵੇਰੇ ਸੱਤ ਵਜੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਭਾਰੀ ਮੀਂਹ ਸ਼ੁਰੂ ਹੋਇਆ ਜਿਸ ਤੋਂ ਬਾਅਦ ਚੋਈ ਬਾਜ਼ਾਰ, ਨਵੀਂ ਆਬਾਦੀ, ਕਲਗੀਧਰ ਬਾਜ਼ਾਰ, ਕਚਹਿਰੀ ਰੋਡ, ਪਾਵਰ ਕਲੋਨੀ ਦੇ ਸਾਹਮਣੇ, ਸਟੇਸ਼ਨ ਦੇ ਨਜ਼ਦੀਕ ਪਾਣੀ ਇਕੱਠਾ ਹੋ ਗਿਆ। ਸ਼ਹਿਰ ’ਚ ਸੀਵਰੇਜ ਦੀਆਂ ਪਾਈਪਾਂ ਪਾਉਣ ਦੇ ਕਾਰਜ ਕਾਰਨ ਵੀ ਵੱਡੀ ਸਮੱਸਿਆ ਆਈ।