ਨਵੀਂ ਦਿੱਲੀ, 4 ਜੂਨ
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕਾਂਗਰਸ ਹਾਈ ਕਮਾਂਡ ਵੱਲੋਂ ਪਾਰਟੀ ਦੀ ਸੂਬਾ ਇਕਾਈ ਵਿਚ ਚੱਲ ਰਹੀ ਲੜਾਈ ਖਤਮ ਕਰਾਉਣ ਲਈ ਬਣਾਏ ਤਿੰਨ ਮੈਂਬਰੀ ਪੈਨਲ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਕਰੀਬ ਤਿੰਨ ਘੰਟਿਆਂ ਤੱਕ ਚੱਲੀ। ਬੈਠਕ ਬਾਅਦ ਕੈਪਟਨ ਨੇ ਮੀਟਿੰਗ ਦਾ ਵੇਰਵਾ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮਿਲ ਕੇ ਜਿੱਤਿਆ ਜਾਵੇਗਾ। ਪਾਰਟੀ ਸੂਤਰਾਂ ਮੁਤਾਬਕ ਕੈਪਟਨ ਦੀ ਇਸ ਮੁਲਾਕਾਤ ਨਾਲ ਪੈਨਲ ਨਾਲ ਮੀਟਿੰਗਾਂ ਦਾ ਸਿਲਸਿਲਾ ਖਤਮ ਹੋ ਗਿਆ ਹੈ। ਇਥੇ ਅਕਬਰ ਰੋਡ ਸਥਿਤ ਪਾਰਟੀ ਹੈਡਕੁਆਰਟਰ ਵਿਖੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਦੀ ਅਗਵਾਈ ਵਾਲੇ ਪੈਨਲ ਨਾਲ ਕੈਪਟਨ ਨੇ ਮੁਲਾਕਾਤ ਕੀਤੀ। ਏਆਈਸੀਸੀ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਅਤੇ ਸਾਬਕਾ ਸੰਸਦ ਮੈਂਬਰ ਜੇਪੀ ਅਗਰਵਾਲ ਪੈਨਲ ਦੇ ਮੈਂਬਰ ਹਨ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਬਣਾਏ ਪੈਨਲ ਵੱਲੋਂ ਪੰਜਾਬ ’ਚ ਪਾਰਟੀ ਦੀ ਸਥਿਤੀ ਬਾਰੇ ਰਿਪੋਰਟ ਹਫਤੇ ਦੇ ਅੰਤ ਤੱਕ ਜਾਂ ਅਗਲੇ ਹਫਤੇ ਦੇ ਸ਼ੁਰੂ ਵਿੱਚ ਦੇਣ ਦੀ ਸੰਭਾਵਨਾਂ ਹੈ। ਸੂਤਰਾਂ ਮੁਤਾਬਕ ਅਗਲੇ ਸਾਲ ਰਾਜ ਵਿੱਚ ਵਿਧਾਨ ਸਭਾ ਚੋਣਾਂ ਹਨ ਤੇ ਲੀਡਰਸ਼ਿਪ ਨਹੀਂ ਚਾਹੁੰਦੀ ਕਿ ਅੰਦਰੂਨੀ ਕਲੇਸ਼ ਪਾਰਟੀ ਨੂੰ ਭਾਰੀ ਪੈ ਜਾਵੇ। ਇਸ ਲਈ ਪਾਰਟੀ ਦੀ ਜਥੇਬੰਦ ਢਾਂਚੇ ਤੇ ਕੈਬਨਿਟ ਵਿੱਚ ਫੇਰ ਬਦਲ ਹੋ ਸਕਦਾ ਹੈ। ਇਸ ਤਹਿਤ ਨਵਜੋਤ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਪਾਰਟੀ ਦੀ ਰਾਜ ਇਕਾਈ ਦੇ ਮੁਖੀ ਸੁਨੀਲ ਜਾਖੜ ਦੀ ਥਾਂ ਨਵਾਂ ਪ੍ਰਧਾਨ ਲਾਉਣ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇਸ ਕੁਰਸੀ ’ਤੇ ਵੀ ਸਿੱਧੂ ਲੰਮੇ ਸਮੇਂ ਅੱਖਾਂ ਗੱਡੀ ਬੈਠਾ ਹੈ।