ਬੀ.ਐੱਸ. ਚਾਨਾ
ਸ੍ਰੀ ਆਨੰਦਪੁਰ ਸਾਹਿਬ, 4 ਅਪਰੈਲ
ਧਾਰਮਿਕ ਅਸਥਾਨਾਂ ’ਤੇ ਕਰੋਨਾ ਦੀ ਮਾਰ ਜਾਰੀ ਹੈ। ਇਹੀ ਕਾਰਨ ਹੈ ਕਿ ਲਗਾਤਾਰ ਦੂਸਰੇ ਵਰ੍ਹੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਆਉਂਦੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਲਾਨਾ ਬਜਟ ਵਿੱਚ ਕਮੀ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਹੋਲੇ ਮਹੱਲੇ ’ਤੇ 18 ਫੀਸਦੀ ਗੋਲਕ ਵੀ ਘਟੀ ਹੈ।
ਪਿਛਲੇ ਸਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ 55.50 ਲੱਖ ਦਾ ਬਜਟ ਪ੍ਰਵਾਨ ਹੋਇਆ ਸੀ, ਜੋ ਕਰੋਨਾ ਕਰਕੇ 44.50 ਕਰੋੜ ਰਹਿ ਗਿਆ ਸੀ। ਇਸੇ ਤਰ੍ਹਾਂ ਪਿਛਲੇ ਵਿੱਤੀ ਵਰ੍ਹੇ ਦੌਰਾਨ ਹੋਲੇ ਮਹੱਲੇ ’ਚ ਗੋਲਕ 70 ਲੱਖ ਰੁਪਏ ਘਟੀ ਸੀ। ਮੌਜੂਦਾ ਵਿੱਤੀ ਵਰ੍ਹੇ ਵਿੱਚ 56.80 ਕਰੋੜ ਦਾ ਬਜਟ ਪ੍ਰਵਾਨ ਹੋਇਆ ਹੈ ਪਰ ਹੋਲੇ ਮਹੱਲੇ ਦੌਰਾਨ ਇਸ ਵਾਰ ਵੀ ਗੋਲਕ 58.64 ਲੱਖ ਰੁਪਏ ਘਟਣ ਕਰਕੇ ਕੁੱਲ 18 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਹ ਅੰਕੜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਪ੍ਰਬੰਧ ਅਧੀਨ ਆਉਂਦੇ 42 ਗੁਰਦੁਆਰਿਆਂ ਦੇ ਹਨ, ਜਿਨ੍ਹਾਂ ਵਿੱਚ ਗੁਰੂ ਕਾ ਲਾਹੌਰ, ਕੀਰਤਪੁਰ ਸਾਹਿਬ, ਨੰਗਲ, ਹਿਮਾਚਲ ਪ੍ਰਦੇਸ਼ ਦੇ ਗੁਰਦੁਆਰੇ ਅਤੇ ਪਰਿਵਾਰ ਵਿਛੋੜਾ ਸਾਹਿਬ ਵੀ ਸ਼ਾਮਲ ਹਨ।
ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਹੋਲੇ ਮਹੱਲੇ ਦੌਰਾਨ ਸੰਗਤ ਦੀ ਆਮਦ ਵਿੱਚ 40 ਤੋਂ 50 ਫੀਸਦੀ ਦੀ ਕਮੀ ਵੇਖਣ ਨੂੰ ਮਿਲੀ ਹੈ। ਇਸ ਦਾ ਗੁਰੂ ਘਰ ਦੀ ਗੋਲਕ ਦੇ ਨਾਲ ਨਾਲ ਵਪਾਰੀਆਂ ਅਤੇ ਹੋਰ ਵਰਗਾਂ ’ਤੇ ਵੀ ਪ੍ਰਭਾਵ ਪਿਆ ਹੈ। ਕਰੋਨਾ ਨੇ ਲਗਪਗ ਹਰ ਵਰਗ ਨੂੰ ਆਪਣੇ ਕਲਾਵੇ ਵਿਚ ਲਿਆ ਹੈ।