ਸ਼ਗਨ ਕਟਾਰੀਆ
ਜੈਤੋ, 14 ਅਪਰੈਲ
ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਬਾਰਦਾਨੇ ਦੀ ਕਮੀ, ਮੀਡੀਆ ਦੀ ਪੈਦਾ ਕੀਤੀ ਕਹਾਣੀ ਹੈ। ਪ੍ਰੈੱਸ ਦਾ ਕੰਮ ਹੁਣ ਜਬਰਦਸਤੀ ਕੋਈ ਗੱਲ ਕਿਸੇ ਦੇ ਮੂੰਹ ਵਿਚ ਪਾਉਣਾ ਹੋ ਗਿਆ ਹੈ। ਉਹ ਟੇਢੀ ਖੀਰ ਬਣੀ ਨਗਰ ਕੌਂਸਲ ਜੈਤੋ ਦੀ ਪ੍ਰਧਾਨਗੀ ਦੀ ਗੁੱਥੀ ਸੁਲਝਾਉਣ ਲਈ ਇੱਥੇ ਕੌਂਸਲ ਦਫ਼ਤਰ ਪੁੱਜੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਭਾਵੇਂ ਕਿ ਪੱਛਮੀ ਬੰਗਾਲ ’ਚ ਅਸੈਂਬਲੀ ਚੋਣਾਂ ਹੋਣ ਕਰ ਕੇ ਜੂਟ ਦੀ ਕਮੀ ਹੈ ਪਰ ਫਿਰ ਵੀ ਬਾਰਦਾਨੇ ਦੀਆਂ ਦੋ ਲੱਖ ਤੋਂ ਵੱਧ ਗੱਠਾਂ ਦਾ ਸਟਾਕ ਪੰਜਾਬ ਕੋਲ ਪਿਆ ਹੈ। ਉਨ੍ਹਾਂ ਕਿਹਾ ਕਿ ਕੋਵਿਡ ਸੰਕਟ ਕਾਰਨ ਮੰਡੀਆਂ ’ਚ ਕਣਕ ਕਿਸਾਨ ਪਰਚੀ ਸਿਸਟਮ ਤਹਿਤ ਲਈ ਜਾ ਰਹੀ ਹੈ, ਇਸ ਵਾਸਤੇ ਬਾਰਦਾਨੇ ਦੀ ਤੋਟ ਦਾ ਅਹਿਸਾਸ ਹੁੰਦਾ ਹੋਵੇਗਾ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਆੜ੍ਹਤੀਆਂ, ਟਰਾਂਸਪੋਰਟਰਾਂ ਅਤੇ ਮਜ਼ਦੂਰਾਂ ਨੂੰ ਰਵਾਇਤੀ ਪ੍ਰਬੰਧ ਤਹਿਤ ਅਦਾਇਗੀ ਕਰਨ ਤੋਂ ਇਲਾਵਾ ਕਾਸ਼ਤਕਾਰ ਦੇ ਖਾਤੇ ਵਿੱਚ ਉਸ ਦੀ ਫ਼ਸਲ ਦੀ ਅਦਾਇਗੀ 48 ਘੰਟਿਆਂ ਵਿਚ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਇਕ ਵਾਰ ਫਿਰ ਨਸੀਹਤ ਦਿੱਤੀ ਕਿ ਅਜਿਹੀਆਂ ਗ਼ਲਤਫ਼ਹਿਮੀਆਂ ਬਾਰੇ ਲੋਕਾਂ ਨੂੰ ਜਾਣਕਾਰੀ ਦੇਣਾ ਮੀਡੀਆ ਦੀ ਜ਼ਿੰਮੇਵਾਰੀ ਹੈ। ਲਟਕ ਰਹੀ ਨਗਰ ਕੌਂਸਲ ਜੈਤੋ ਦੇ ਪ੍ਰਧਾਨ ਦੀ ਚੋਣ ਬਾਰੇ ਉਨ੍ਹਾਂ ਕਿਹਾ ਕਿ ‘ਕਾਂਗਰਸ ਪਾਰਟੀ ਇੱਕ ਹੈ। ਮੁਹੰਮਦ ਸਦੀਕ ਦਾ ਮੈਂਬਰ ਪਾਰਲੀਮੈਂਟ ਹੋਣ ਨਾਤੇ ਅਤੇ ਕੁਸ਼ਲਦੀਪ ਸਿੰਘ ਢਿੱਲੋਂ ਦਾ ਵਿਧਾਇਕ ਹੋਣ ਨਾਤੇ ਪਾਰਟੀ ਸਤਿਕਾਰ ਕਰਦੀ ਹੈ।’ ਕਾਂਗਰਸ ਤੋਂ ਬਾਗੀ ਹੋ ਕੇ ਨਗਰ ਕੌਂਸਲ ਚੋਣਾਂ ’ਚ ਕਾਂਗਰਸੀ ਉਮੀਦਵਾਰ ਨੂੰ ਹਰਾਉਣ ਵਾਲਿਆਂ ਨੂੰ ਮੁੜ ਕਾਂਗਰਸ ’ਚ ਸ਼ਾਮਲ ਕਰਨ ਬਾਰੇ ਸ੍ਰੀ ਆਸ਼ੂ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।