ਕਰਮਜੀਤ ਸਿੰਘ ਚਿੱਲਾ
ਬਨੂੜ, 10 ਸਤੰਬਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਸਿੱਖਿਆ ਨੀਤੀ ਦੀ ਚਰਚਾ ਕਰਦਿਆਂ ਕਿਹਾ ਹੈ ਕਿ ਅਮਰੀਕਾ ਤੇ ਇੰਗਲੈਂਡ ਵਰਗੇ ਦੇਸ਼ਾਂ ਦੀਆਂ ਸਿੱਖਿਆ ਸੰਸਥਾਵਾਂ ਪੰਜਾਬ ਵਿੱਚ ਕੈਂਪਸ ਸਥਾਪਿਤ ਕਰਨ ਲਈ ਰੁਚੀ ਵਿਖਾ ਰਹੀਆਂ ਹਨ। ਊਹ ਚਿਤਕਾਰਾ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਰੀਕੈਲੀਬਰੇਟ-2020 ਨਾਮੀਂ ਵਰਚੁਅਲ ਰਾਊਡ ਟੇਬਲ ਡਿਸਕਸ਼ਨ ਦੀ ਪ੍ਰਧਾਨਗੀ ਕਰ ਰਹੇ ਸਨ। ਇੱਕ ਘੰਟੇ ਦੀ ਇਸ ਵਰਕਸ਼ਾਪ ਵਿੱਚ ਪੰਜਾਬ ਸਰਕਾਰ ਦੇ ਕਈ ਅਧਿਕਾਰੀਆਂ ਅਤੇ ਉਦਯੋਗ ਜਗਤ ਦੀਆਂ ਸ਼ਖ਼ਸੀਅਤਾਂ ਨੇ ਭਾਗ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਅਗਲੇ ਦੋ ਹਫ਼ਤਿਆਂ ਵਿੱਚ ਪੰਜਾਬ ਵਿੱਚ ਕਰੋਨਾ ਹੋਰ ਸਿਖਰ ’ਤੇ ਹੋਵੇਗਾ। ਇਸ ਮਗਰੋਂ ਇਸ ਦਾ ਫੈਲਾਅ ਘਟਣਾ ਆਰੰਭ ਹੋ ਜਾਵੇਗਾ। ਊਨ੍ਹਾਂ ਆਖਿਆ ਹੈ ਕਿ ਕਰੋਨਾ ਮਹਾਮਾਰੀ ਦੌਰਾਨ ਵਰਚੁਅਲ ਤਰੀਕੇ ਨੇ ਸਿੱਖਿਆ ਪ੍ਰਣਾਲੀ ਨੂੰ ਨਵਾਂ ਰਾਹ ਦਿਖਾਇਆ ਹੈ ਤੇ ਚਿਤਕਾਰਾ ਯੂਨੀਵਰਸਿਟੀ ਨੇ ਵੀ ਇਸ ਦਿਸ਼ਾ ਵਿੱਚ ਮਹੱਤਵਪੂਰਣ ਯੋਗਦਾਨ ਪਾਇਆ ਹੈ ਤੇ ਹੁਣ ਇਹ ਵਿਧੀ ਸਮੁੱਚੀਆਂ ਸੰਸਥਾਵਾਂ ਅਪਣਾ ਰਹੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਦੀਆਂ ਰੁਜ਼ਗਾਰ ਤੇ ਹੋਰ ਯੋਜਨਾਵਾਂ ਦੀ ਜਾਣਕਾਰੀ ਦਿੰਦਿਆਂ ਆਖਿਆ ਕਿ ਪਿੰਡਾਂ ਦੇ ਵਸਨੀਕਾਂ ਵੱਲ ਜ਼ਿਆਦਾ ਧਿਆਨ ਦੀ ਲੋੜ ਹੈ ਕਿਉਂਕਿ ਪੰਜਾਬ ਦੀ 65 ਫੀਸਦੀ ਆਬਾਦੀ ਪਿੰਡਾਂ ਵਿੱਚ ਰਹਿੰਦੀ ਹੈ।
ਚਿਤਕਾਰਾ ਯੂਨੀਵਰਸਿਟੀ ਦੇ ਚਾਂਸਲਰ ਡਾ. ਅਸ਼ੋਕ ਚਿਤਕਾਰਾ ਨੇ ਕੈਪਟਨ ਅਮਰਿੰਦਰ ਸਿੰਘ ਦਾ ਸਵਾਗਤ ਕਰਦਿਆਂ ਕੋਵਿਡ ਦੌਰਾਨ ਪੰਜਾਬ ਸਰਕਾਰ ਵੱਲੋਂ ਨਿਭਾਈ ਭੂਮਿਕਾ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਬਹੁਤ ਪ੍ਰਤਿਭਾ ਹੈ ਤੇ ਇਸ ਨੂੰ ਰਾਹ ਦਿਖਾਉਣ ਦੀ ਲੋੜ ਹੈ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਚਿਤਕਾਰਾ ਦੀ ਪ੍ਰੋ. ਵਾਈਸ ਚਾਂਸਲਰ ਕਵਿਤਾ ਤਾਰਗੀ ਨੇ ਕੋਵਿਡ ਦੇ ਵੱਖ ਵੱਖ ਪੱਖਾਂ ’ਤੇ ਚਰਚਾ ਕਰਦਿਆਂ ਇਸ ਔਖੇ ਸਮੇਂ ਵਿੱਚ ਸਿੱਖਿਆ ਦੀ ਸਥਿਤੀ ’ਤੇ ਚਰਚਾ ਕੀਤੀ। ਉਨ੍ਹਾਂ ਨੇ ਇਸ ਵਰਕਸ਼ਾਪ ਨੂੰ ਨੌਜਵਾਨਾਂ ਦੀ ਰੁਸ਼ਗਾਰ ਪ੍ਰਾਪਤੀ ਲਈ ਸਹਾਇਕ ਦੱਸਦਿਆਂ ਭਵਿੱਖ ਵਿੱਚ ਵੀ ਚਿਤਕਾਰਾ ਯੂਨੀਵਰਸਿਟੀ ਵੱਲੋਂ ਅਜਿਹੀਆਂ ਪਹਿਲਕਦਮੀਆਂ ਕਰਦੇ ਰਹਿਣ ਦਾ ਐਲਾਨ ਕੀਤਾ।
ਇਸ ਵਰਕਸ਼ਾਪ ਵਿੱਚ ਏਅਰਟੈੱਲ ਤੋਂ ਸਾਗਰ ਰੈਨਾ, ਇੰਡੀਆ ਤੇ ਸਾਊਥ ਏਸ਼ੀਆ ਹੈੱਡ ਐਜੂਕੁਸ਼ਨ ਤੋਂ ਸੁਨੀਲ ਪੀਪੀ, ਕੇਪੀਏਜੀ ਤੋਂ ਅਨਮੇਸ਼ ਪਵਾਰ, ਆਰਪੀਓ ਐਂਡ ਬੀਪੀਐੱਸ ਤੋਂ ਫਰਾਂਸਿਸ ਪਦਮਾਦਨ, ਸੰਦੇਸ਼ ਕੁਮਾਰ, ਨਟਵਰ ਕਾਡਲ, ਮੀਨਾ ਭਾਟੀਆ, ਸ਼ਰੂਤੀ ਮਿਸ਼ਰਾ, ਆਨੰਦ ਰਾਵ ਅਤੇ ਵਿਨੀਤ ਅਰੋੜਾ ਸਮੇਤ ਉਦਯੋਗ ਜਗਤ ਦੀਆਂ ਕਈ ਸ਼ਖ਼ਸੀਅਤਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ।