ਦਵਿੰਦਰ ਪਾਲ
ਚੰਡੀਗੜ੍ਹ, 15 ਅਕਤੂਬਰ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੁੰ ਅਪੀਲ ਕੀਤੀ ਹੈ ਕਿ ਉਹ ਆਪਸੀ ਲੜਾਈ ਬੰਦ ਕਰ ਕੇ ਕੇਂਦਰ ਵੱਲੋਂ ਪੰਜਾਬ ਨੂੰ ਪਿਛਲੇ ਦਰਵਾਜ਼ੇ ਰਾਹੀਂ ਬੀਐੱਸਐੱਫ ਵਰਗੇ ਕੇਂਦਰੀ ਸੁਰੱਖਿਆ ਬਲਾਂ ਹਵਾਲੇ ਕਰ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਬਦਲਣ ਦੇ ਯਤਨਾਂ ਵਿਰੁੱਧ ਇਕਜੁੱਟ ਹੋ ਕੇ ਹੰਭਲਾ ਮਾਰਨ। ਇੱਕ ਬਿਆਨ ਰਾਹੀਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਦੇ ਇਸ ਕਦਮ ਨਾਲ ਪਹਿਲਾਂ ਹੀ ਖਤਰੇ ਵਿੱਚ ਪਿਆ ਦੇਸ਼ ਦਾ ਸੰਘੀ ਢਾਂਚਾ ਹੋਰ ਕਮਜ਼ੋਰ ਹੋ ਜਾਵੇਗਾ ਤੇ ਇਸ ਨਾਲ ਸੂਬਾ ਸਰਕਾਰ ਮਿਉਂਸਿਪੈਲਟੀ ਬਣ ਕੇ ਰਹਿ ਜਾਵੇਗੀ।
ਸ੍ਰੀ ਬਾਦਲ ਨੇ ਕਿਹਾ, ‘‘ਜੇਕਰ ਅਸੀਂ ਸੌੜੇ ਹਿੱਤਾਂ ਲਈ ਆਪਸੀ ਲੜਾਈ ਬੰਦ ਨਾ ਕੀਤੀ ਤਾਂ ਫਿਰ ਕੇਂਦਰ ਸਰਕਾਰ ਸਾਡੀ ਕਮਜ਼ੋਰੀ ਦਾ ਲਾਹਾ ਲਵੇਗੀ। ਭਲਕ ਨੂੰ ਅਸੀਂ ਪਛਤਾਵਾਂਗੇ ਤੇ ਸਾਡੇ ਕੋਲ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਵਾਸਤੇ ਕੋਈ ਤਾਕਤ ਨਹੀਂ ਰਹਿ ਜਾਵੇਗੀ।’’ ਉਨ੍ਹਾਂ ਕਿਹਾ ਕਿ ਇਹ ਮੰਨਣ ਦਾ ਵੀ ਮਜ਼ਬੂਤ ਆਧਾਰ ਮੌਜੂਦ ਹੈ ਕਿ ਕੇਂਦਰ ਸਰਕਾਰ ਸ਼ਾਇਦ ਸੂਬੇ ਤੋਂ ਦਰਿਆਈ ਪਾਣੀਆਂ ’ਤੇ ਇਸ ਦਾ ਬਣਦਾ ਹੱਕ ਖੋਹਣ ਦੀ ਤਿਆਰੀ ਵਿਚ ਹੈ। ਉਨ੍ਹਾਂ ਕਿਹਾ ਕਿ ਇਹ ਵੀ ਸੰਭਵ ਹੈ ਕਿ ਉਹ ਇਸ ਨਵੇਂ ਕਦਮ ਨਾਲ ਕਿਸਾਨ ਅੰਦੋਲਨ ਨੂੰ ਕੁਚਲਣ ਦਾ ਵੀ ਯਤਨ ਕਰੇਗੀ। ਸ੍ਰੀ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਲੋਕਤੰਤਰੀ ਤੇ ਸੰਘੀ ਅਧਿਕਾਰਾਂ ਤਹਿਤ ਆਪਣੀ ਚੁਣੀ ਹੋਈ ਸਰਕਾਰ ਰਾਹੀਂ ਆਪਣਾ ਸ਼ਾਸਨ ਚਲਾਉਣ ਦੇ ਹੱਕ ਤੋਂ ਵਾਂਝਾ ਕਰ ਕੇ ਪੰਜਾਬੀਆਂ ਨੂੰ ਜ਼ਲੀਲ ਨਾ ਕਰਨ ਤੇ ਉਨ੍ਹਾਂ ਦੇ ਜ਼ਖ਼ਮਾਂ ’ਤੇ ਹੋਰ ਲੂਣ ਨਾ ਛਿੜਕਣ।