ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਅਪਰੈਲ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਦਲਿਤ ਭਾਈਚਾਰੇ ਦੇ ਰੋਸ ਨੂੰ ਠੰਢਾ ਕਰਨ ਲਈ ਕਾਸ਼ੀ (ਬਨਾਰਸ) ਵਿੱਚ ਜਾ ਕੇ ਮੁਆਫ਼ੀ ਮੰਗ ਲਈ ਹੈ| ਸੁਨੀਲ ਜਾਖੜ ਨੇ ਗੁਰਦੁਆਰਾ ਸ਼੍ਰੋਮਣੀ ਭਗਤ ਰਵਿਦਾਸ ਜੀ, ਕਾਸ਼ੀ ਵਿਖੇ ਮੱਥਾ ਟੇਕਿਆ ਅਤੇ ਭਾਈਚਾਰੇ ਤੋਂ ਆਪਣੀ ਭੁੱਲ ਬਖ਼ਸ਼ਾਈ| ਜ਼ਿਕਰਯੋਗ ਹੈ ਕਿ ਲੰਘੇ ਕੁੱਝ ਦਿਨਾਂ ਤੋਂ ਪੰਜਾਬ ਦੀ ਸਿਆਸਤ ਵਿੱਚ ਇਹ ਵਿਵਾਦ ਉੱਠਿਆ ਹੋਇਆ ਸੀ ਕਿ ਸੁਨੀਲ ਜਾਖੜ ਨੇ ਦਲਿਤ ਭਾਈਚਾਰੇ ਖ਼ਿਲਾਫ਼ ਅਸਿੱਧੇ ਤਰੀਕੇ ਨਾਲ ਟਿੱਪਣੀਆਂ ਕੀਤੀਆਂ ਹਨ|
ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੋਂ ਇਲਾਵਾ ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਨੇ ਵੀ ਇਸ ਮੁੱਦੇ ਨੂੰ ਉਠਾਇਆ ਸੀ| ਦਲਿਤ ਭਾਈਚਾਰੇ ਵੱਲੋਂ ਸੁਨੀਲ ਜਾਖੜ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਸੀ| ਕੌਮੀ ਅਨੁਸੂਚਿਤ ਜਾਤੀ/ਜਨ-ਜਾਤੀ ਕਮਿਸ਼ਨ ਨੇ ਵੀ ਇਸ ਮਾਮਲੇ ਵਿੱਚ ਦਖ਼ਲ ਦਿੱਤਾ ਸੀ|
ਸਾਬਕਾ ਪ੍ਰਧਾਨ ਸੁਨੀਲ ਜਾਖੜ ਬੀਤੇ ਦਿਨ ਬਨਾਰਸ ਗਏ ਸਨ ਅਤੇ ਮੁਆਫ਼ੀ ਮੰਗਣ ਮਗਰੋਂ ਪੰਜਾਬ ਪਰਤ ਆਏ| ਉਨ੍ਹਾਂ ਕਾਸ਼ੀ ਵਿੱਚ ਮੰਗੀ ਮੁਆਫ਼ੀ ਦੀ ਵੀਡੀਓ ਵੀ ਜਨਤਕ ਕੀਤੀ ਹੈ|
ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਾਸ਼ੀ ਦੇ ਗੁਰੂ ਘਰ ਵਿੱਚ ਕਿਹਾ ਕਿ ਉਹ ਸਾਰੀ ਉਮਰ ਗਰੀਬਾਂ ਅਤੇ ਪਿਛੜੇ ਵਰਗ ਦੇ ਲੋਕਾਂ ਲਈ ਕੰਮ ਕਰਦੇ ਰਹੇ ਹਨ ਅਤੇ ਖ਼ਾਸ ਕਰ ਕੇ ਐੱਸਸੀ ਭਾਈਚਾਰੇ ਦੀ ਭਲਾਈ ਲਈ ਉਨ੍ਹਾਂ ਨੇ ਬਹੁਤ ਕੰਮ ਕੀਤਾ ਹੈ| ਉਹ ਕਦੇ ਵੀ ਕਿਸੇ ਭਾਈਚਾਰੇ ਜਾਂ ਵਿਅਕਤੀ ਬਾਰੇ ਕਿਸੇ ਮਾੜੀ ਭਾਵਨਾ ਨਾਲ ਸੋਚ ਵੀ ਨਹੀਂ ਸਕਦੇ, ਜੇਕਰ ਫਿਰ ਵੀ ਕਿਸੇ ਦੇ ਮਨ ਨੂੰ ਠੇਸ ਪੁੱਜੀ ਹੈ ਤਾਂ ਉਹ ਖਿਮਾ ਚਾਹੁੰਦੇ ਹਨ| ਉਨ੍ਹਾਂ ਕਿਹਾ ਕਿ ਉਹ ਅੱਗੇ ਵੀ ਲੋੜਵੰਦਾਂ ਦੀ ਸੇਵਾ ਅਤੇ ਮਦਦ ਕਰਦੇ ਰਹਿਣਗੇ|
ਹਾਈਕਮਾਨ ਨੇ ਅਜੇ ਤੱਕ ਨਹੀਂ ਲਿਆ ਕੋਈ ਫ਼ੈਸਲਾ
ਦੂਜੇ ਪਾਸੇ ਕਾਂਗਰਸ ਹਾਈਕਮਾਨ ਨੇ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਖ਼ਿਲਾਫ਼ ਹਾਲੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਹੈ| ਅਨੁਸ਼ਾਸਨੀ ਕਮੇਟੀ ਨੇ ਜਾਖੜ ਨੂੰ ‘ਕਾਰਨ ਦੱਸੋੋ’ ਨੋਟਿਸ ਜਾਰੀ ਕੀਤਾ ਸੀ ਅਤੇ ਹਫ਼ਤੇ ਵਿੱਚ ਜਵਾਬ ਮੰਗਿਆ ਸੀ ਪਰ ਸੁਨੀਲ ਜਾਖੜ ਨੇ ਜਵਾਬ ਦੇਣ ਦੀ ਕੋਈ ਲੋੜ ਨਹੀਂ ਸਮਝੀ| ਅਨੁਸ਼ਾਸਨੀ ਕਮੇਟੀ ਦੀ ਅੱਜ ਦਿੱਲੀ ਵਿੱਚ ਮੀਟਿੰਗ ਹੋਣੀ ਸੀ ਪ੍ਰੰਤੂ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਾਖੜ ਖ਼ਿਲਾਫ਼ ਅਜੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ| ਮੀਟਿੰਗ ਹੋਈ ਹੈ ਜਾਂ ਨਹੀਂ, ਇਸ ਦੀ ਪੁਸ਼ਟੀ ਵੀ ਨਹੀਂ ਹੋ ਸਕੀ ਹੈ|