ਸਰਬਜੀਤ ਸਿੰਘ ਭੰਗੂ
ਪਟਿਆਲਾ, 16 ਮਈ
ਖਾਲਿਸਤਾਨ ਦੇ ਮੁੱਦੇ ’ਤੇ ਪਿਛਲੇ ਦਿਨੀਂ ਪਟਿਆਲਾ ’ਚ ਵਾਪਰੀ ਹਿੰਸਕ ਘਟਨਾ ਦੌਰਾਨ ਪੁਲੀਸ ਦੀ ਢਿੱਲੀ ਰਹੀ ਕਾਰਗੁਜ਼ਾਰੀ ਤੋਂ ਸਬਕ ਲੈਂਦਿਆਂ, ਹੁਣ ਜ਼ਿਲ੍ਹਾ ਪੁਲੀਸ ਵੱਲੋਂ ਅਜਿਹੇ ਹਾਲਾਤ ਨਾਲ਼ ਨਜਿੱਠਣ ਲਈ ਪੁਲੀਸ ਮੁਲਾਜ਼ਮਾਂ ਨੂੰ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਜਾ ਰਿਹਾ ਹੈ। ਇੱਥੇ ਨਵੇਂ ਆਏ ਐੱਸਐੱਸਪੀ ਦੀਪਕ ਪਾਰਿਕ ਵੱਲੋਂ ਆਪਣੇ ਪੱਧਰ ’ਤੇ ਉਲੀਕੀ ਅਜਿਹੀ ਯੋਜਨਾ ਤਹਿਤ ਹੁਣ ਹਰ ਥਾਣੇ ’ਚ ਅਜਿਹੀ ਵਿਸ਼ੇਸ਼ ਸਿਖਲਾਈ ਯਾਫ਼ਤਾ ਮੁਲਾਜ਼ਮਾਂ ਦੀ ਟੀਮ ਰਹੇਗੀ, ਜਿਸ ਨੂੰ ‘ਸਪੈਸ਼ਲ ਰਿਜ਼ਰਵ’ ਦਾ ਨਾਂ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਪਟਿਆਲਾ ਹਿੰਸਾ ਦਾ ਕਾਰਨ ਭਾਵੇਂ ਕੋਈ ਵੀ ਰਿਹਾ ਹੋਵੇ ਪਰ ਪੁਲੀਸ ਦੀ ਢਿੱਲ ਕਾਰਨ ਹੀ ਵਾਪਰੀ ਮੰਨੀ ਜਾ ਰਹੀ ਹੈ। ਸੇਵਾਮੁਕਤ ਆਈਜੀ ਪਰਮਜੀਤ ਸਿੰਘ ਗਿੱਲ ਨੇ ਪੁਲੀਸ ਨੂੰ ਟਰੇਨਿੰਗ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਇਨ੍ਹਾਂ ਮੁਲਾਜ਼ਮਾਂ ਨੂੰ ਇਹ ਟਰੇਨਿੰਗ ਇੱਥੇ ਪੁਲੀਸ ਲਾਈਨ ਵਿੱਚ ਐੱਸਐੱਸਪੀ ਦੀਪਕ ਪਾਰਿਕ ਦੀ ਮੌਜੂਦਗੀ ’ਚ ਦਿੱਤੀ ਜਾ ਰਹੀ ਹੈ। ਇਸ ਦੌਰਾਨ ਮਾਹਿਰਾਂ ਨੇ ਮੁਲਾਜ਼ਮਾਂ ਨੂੰ ਹਥਿਆਰਾਂ ਤੇ ਉਪਕਰਨਾਂ ਦੀ ਵਰਤੋਂ ਸਣੇ ਬਲ ਪ੍ਰਯੋਗ ਕਰਨ ਦਾ ਖ਼ਾਸ ਧਿਆਨ ਰੱਖਣ ਦੀ ਜਾਚ ਸਿਖਾਈ। ਹਮਲੇ ਤੋਂ ਬਚਾਅ ਕਰਨ ਦੀ ਜਾਚ, ਪਥਰਾਅ ਦੌਰਾਨ ਆਪਣੇ ਆਪ ਨੂੰ ਬਚਾਉਣ ਸਣੇ ਹਮਲਾਵਰਾਂ ਦਾ ਮੁਕਾਬਲਾ ਕਰਨ ਦੇ ਗ਼ੁਰ ਵੀ ਸਿਖਾਏ ਗਏ। ਦੰਗਾਕਾਰੀਆਂ ਅਤੇ ਭੀੜ ਨੂੰ ਸਾਬੋਤਾਜ਼ ਕਰਨ ਲਈ ਫਾਇਰਿੰਗ ਕਦੋਂ ਅਤੇ ਕਿਵੇਂ ਕਰਨੀ ਹੈ, ਬਾਰੇ ਤਾਂ ਪੁਲੀਸ ਮੁਖੀ ਨੇ ਖ਼ੁਦ ਜਾਣਕਾਰੀ ਦਿੱਤੀ। ਹਥਿਆਰਾਂ ਦੀ ਸਫ਼ਾਈ, ਕਾਰਤੂਸਾਂ ਨੂੰ ਵਾਚਣ ਅਤੇ ਭੜਕੀ ਭੀੜ ਨੂੰ ਪਿਆਰ ਨਾਲ ਕਾਬੂ ਕਰਨ ਦੀ ਕੋਸ਼ਿਸ਼ ਕਰਨ ਬਾਰੇ ਵੀ ਦੱਸਿਆ ਗਿਆ।