ਹਤਿੰਦਰ ਮਹਿਤਾ
ਜਲੰਧਰ, 4 ਨਵੰਬਰ
ਦਿਹਾਤੀ ਪੁਲੀਸ ਨੇ ਕੈਪੀਟਲ ਸਮਾਲ ਫਾਈਨਾਂਸ ਬੈਂਕ ਦੇ ਸਾਬਕਾ ਕਰਮਚਾਰੀ ਨੂੰ ਏਟੀਐੱਮ ਕੈਸ਼ ਵਿੱਚ 82.53 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ, ਬੈਂਕ ’ਚ ਖਜ਼ਾਨਚੀ ਸੀ। ਉਸ ਨੇ ਬੈਂਕ ਦੀ ਉੱਗੀ ਬ੍ਰਾਂਚ ਵਿੱਚ ਆਪਣੇ ਅਹੁਦੇ ਦਾ ਕਥਿਤ ਫਾਇਦਾ ਚੁੱਕ ਕੇ ਇਸ ਧੋਖਾਧੜੀ ਨੂੰ ਅੰਜਾਮ ਦਿੱਤਾ। ਮੁਲਜ਼ਮ ਦੀ ਪਛਾਣ ਅਭਿਸ਼ੇਕ ਖੰਨਾ ਵਾਸੀ 78 ਅਜੀਤ ਐਵੀਨਿਊ, ਕਪੂਰਥਲਾ ਵਜੋਂ ਹੋਈ। ਇੱਥੇ ਅੱਜ ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਮੁਲਜ਼ਮ ਆਪਣੇ ਅਹੁਦੇ ਦਾ ਫਾਇਦਾ ਉਠਾਉਂਦੇ ਹੋਏ ਏਟੀਐੱਮ ਵਿੱਚ ਨਿਰਧਾਰਤ ਨਕਦੀ ਦਾ ਇੱਕ ਹਿੱਸਾ ਹੀ ਜਮ੍ਹਾਂ ਕਰਵਾਉਂਦਾ ਸੀ ਅਤੇ ਬਾਕੀ ਜੇਬ ਵਿੱਚ ਰੱਖਦਾ ਸੀ। ਪਤਾ ਲੱਗਣ ਤੋਂ ਬਚਣ ਲਈ ਉਸ ਨੇ ਬੈਂਕ ਦੇ ਡਿਜੀਟਲ ਰਿਕਾਰਡਾਂ ਨਾਲ ਛੇੜਛਾੜ ਕੀਤੀ। ਵਿਸ਼ੇਸ਼ ਪੁਲੀਸ ਟੀਮ, ਜਿਸ ਵਿੱਚ ਐੱਸਪੀ (ਜਾਂਚ) ਜਸਰੂਪ ਕੌਰ ਬਾਠ, ਐੱਸਪੀ ਸੁਖਪਾਲ ਸਿੰਘ, ਥਾਣਾ ਸਦਰ ਨਕੋਦਰ ਦੇ ਥਾਣੇਦਾਰ ਬਲਜਿੰਦਰ ਸਿੰਘ ਅਤੇ ਪੁਲੀਸ ਚੌਕੀ ਉੱਗੀ ਦੇ ਸਹਾਇਕ ਸਬ-ਇੰਸਪੈਕਟਰ ਕਾਬਲ ਸਿੰਘ ਨੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਕਾਬੂ ਕੀਤਾ। ਇਸ ਧੋਖਾਧੜੀ ਦਾ ਖੁਲਾਸਾ ਉਦੋਂ ਹੋਇਆ ਜਦੋਂ ਕੈਪੀਟਲ ਸਮਾਲ ਫਾਈਨਾਂਸ ਬੈਂਕ ਦੀ ਜੀਟੀ ਰੋਡ ਸ਼ਾਖਾ ਦੇ ਡਿਪਟੀ ਹੈੱਡ ਆਫ਼ ਡਿਪਾਰਟਮੈਂਟ ਹਰਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ। 17 ਫਰਵਰੀ ਨੂੰ ਰੁਟੀਨ ਆਡਿਟ ਦੌਰਾਨ ਬੈਂਕ ਅਧਿਕਾਰੀਆਂ ਨੇ ਏਟੀਐੱਮ ਕੈਸ਼ ਰੀਕੰਸੀਲੀਏਸ਼ਨ ਸਟੇਟਮੈਂਟਾਂ ਵਿੱਚ ਅੰਤਰ ਦਾ ਪਤਾ ਲਗਾਇਆ। ਇਸ ਦੌਰਾਨ ਕਈ ਮਹੀਨਿਆਂ ਦੇ ਰਿਕਾਰਡ ਅਤੇ ਨਕਦੀ ਜਮ੍ਹਾਂ ਦੀ ਯੋਜਨਾਬੱਧ ਹੇਰਾਫੇਰੀ ਦਾ ਖੁਲਾਸਾ ਹੋਇਆ। ਪੁੱਛ ਪੜਤਾਲ ’ਚ ਮੁਲਜ਼ਮ ਨੇ ਹੇਰਾਫੇਰੀ ਕਰਕੇ ਆਪਣੇ ਖਾਤਿਆਂ ਵਿੱਚ ਫੰਡ ਤਬਦੀਲ ਕਰਨ ਦੀ ਗੱਲ ਕਬੂਲੀ।