ਆਤਿਸ਼ ਗੁਪਤਾ
ਚੰਡੀਗੜ੍ਹ, 28 ਜੂਨ
ਮਿਉਂਸਿਪਲ ਕਮੇਟੀ ਰਾਜਪੁਰਾ ਦੇ ਸਾਬਕਾ ਪ੍ਰਧਾਨ ਤੇ ਭਾਜਪਾ ਦੇ ਸੀਨੀਅਰ ਆਗੂ ਰਹੇ ਪ੍ਰਵੀਨ ਛਾਬੜਾ ਆਪਣੇ ਸਾਥੀਆਂ ਸਣੇ ‘ਆਪ’ ’ਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਦਾ ਯੂਥ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਮੀਤ ਹੇਅਰ, ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਨੀਨਾ ਮਿੱਤਲ ਨੇ ਸਵਾਗਤ ਕੀਤਾ।
ਮੀਤ ਹੇਅਰ ਨੇ ਕਿਹਾ ਕਿ ਪ੍ਰਵੀਨ ਛਾਬੜਾ ਦੇ ਪਾਰਟੀ ’ਚ ਸ਼ਾਮਲ ਹੋਣ ਨਾਲ ਸਾਬਤ ਹੁੰਦਾ ਹੈ ਨਾ ਕੇਵਲ ਚੰਗੇ ਅਕਸ ਵਾਲੇ ਆਗੂ ਬਲਕਿ ਆਮ ਲੋਕਾਂ ਲਈ ਸਿਰਫ਼ ਆਮ ਆਦਮੀ ਪਾਰਟੀ ਹੀ ਇਕ ਉਮੀਦ ਬਚੀ ਹੈ।
ਪ੍ਰਵੀਨ ਛਾਬੜਾ ਨੇ ਦੱਸਿਆ ਕਿ ਉਨ੍ਹਾਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਭਾਜਪਾ ਛੱਡ ਦਿੱਤੀ ਸੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਦੂਜੇ ਪਾਸੇ, ਕੇਜਰੀਵਾਲ ਦੇ ਦਿੱਲੀ ਮਾਡਲ ਨੇ ਸਿਹਤ ਅਤੇ ਸਿੱਖਿਆ ਦੇ ਖੇਤਰ ’ਚ ਸ਼ਲਾਘਾਯੋਗ ਕੰਮ ਕੀਤੇ ਹਨ।
ਇਸ ਮੌਕੇ ਛਾਬੜਾ ਨਾਲ ਸ਼ਾਮਲ ਹੋਣ ਵਾਲਿਆਂ ’ਚ ਸੁਖਵਿੰਦਰ ਸਿੰਘ ਸੁੱਖੀ, ਸੁਖਚੈਨ ਸਿੰਘ ਬੇਦੀ, ਉਜਾਗਰ ਸਿੰਘ ਸਾਰੇ ਸਾਬਕਾ ਐੱਮਸੀ, ਗੁਰਮੁੱਖ ਸਿੰਘ ਉਪਲਹੇੜੀ ਸਾਬਕਾ ਮੰਡਲ ਪ੍ਰਧਾਨ ਦਿਹਾਤੀ, ਅਮਰਜੀਤ ਸਿੰਘ ਸਾਬਕਾ ਜ਼ਿਲ੍ਹਾ ਸਕੱਤਰ, ਸੰਤ ਸਿੰਘ ਢਕਾਨਸ ਮਾਜਰਾ ਸਾਬਕਾ ਮੈਂਬਰ ਮਾਰਕੀਟ ਕਮੇਟੀ, ਗੁਰਮੀਤ ਸਿੰਘ ਉਪਲਹੇੜੀ ਮੀਤ ਪ੍ਰਧਾਨ ਓਬੀਸੀ ਮੋਰਚਾ, ਰਾਕੇਸ਼ ਕੁਮਾਰ ਨੰਬਰਦਾਰ ਭਨੇੜੀ ਸਾਬਕਾ ਜਨਰਲ ਸਕੱਤਰ, ਅਸ਼ੋਕ ਕੁਮਾਰ ਦਰਾਨ ਹੇੜੀ ਕਾਰਜਕਾਰੀ ਮੈਂਬਰ, ਸੰਜੇ ਕੁਮਾਰ ਪ੍ਰਧਾਨ ਐੱਸਸੀ ਮੋਰਚਾ, ਦੀਪਕ ਪ੍ਰੇਮੀ ਸੀਨੀਅਰ ਆਗੂ ਬੀਜੇਪੀ, ਰਘਵੀਰ ਸਿੰਘ ਕੰਬੋਜ, ਰਮੇਸ਼ ਕੁਮਾਰ ਬਬਲਾ ਪ੍ਰਧਾਨ ਬੂਥ ਮਾਰਕੀਟ ਰਾਜਪੁਰਾ, ਮੋਹਨ ਲਾਲ ਚਾਵਲਾ, ਰਾਮ ਪਾਲ, ਵਿਜੈ ਕੁਮਾਰ, ਹਰਵਿੰਦਰ ਪਾਲ ਸਿੰਘ, ਰਾਮ ਕੁਮਾਰ ਦਮਨ ਹੇੜੀ ਹਾਜ਼ਰ ਸਨ।