ਐਨ ਪੀ ਧਵਨ
ਪਠਾਨਕੋਟ, 18 ਜੂਨ
ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ਹਲਕਾ ਭੋਆ ਦੇ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਨੂੰ ਅੱਜ ਜ਼ਿਲ੍ਹਾ ਪੁਲੀਸ ਵੱਲੋਂ ਪਠਾਨਕੋਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਸਾਬਕਾ ਵਿਧਾਇਕ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲੀਸ ਨੇ ਮਾਈਨਿੰਗ ਐਕਟ ਤਹਿਤ ਦਰਜ ਹੋਏ ਇਸ ਮਾਮਲੇ ਵਿੱਚ ਮਾਈਨਿੰਗ ਮੈਟੀਰੀਅਲ ਚੋਰੀ ਕਰਨ ਦੀ ਧਾਰਾ ਵੀ ਜੋੜ ਦਿੱਤੀ ਹੈ। ਵਧੀਕ ਸੈਸ਼ਨ ਜੱਜ ਨੇ ਪੇਸ਼ਗੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਕਰਦਿਆਂ ਜੋਗਿੰਦਰ ਪਾਲ ਦੀ ਪਟੀਸ਼ਨ ਰੱਦ ਕਰ ਦਿੱਤੀ ਜਦਕਿ ਉਸ ਦੀ ਪਤਨੀ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ। ਇਸ ਤਰ੍ਹਾਂ ਰਿਮਾਂਡ ਖ਼ਤਮ ਹੋਣ ਬਾਅਦ ਜੋਗਿੰਦਰ ਪਾਲ ਨੂੰ ਸੋਮਵਾਰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੁਲੀਸ ਵੱਲੋਂ ਸਾਬਕਾ ਵਿਧਾਇਕ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਪਹਿਲਾਂ ਸਿਵਲ ਹਸਪਤਾਲ ਵਿੱਚ ਡਾਕਟਰੀ ਮੁਆਇਨਾ ਕਰਵਾਇਆ ਗਿਆ। ਜੋਗਿੰਦਰ ਪਾਲ ਨੇ ਬੀਤੀ ਰਾਤ ਤਾਰਾਗੜ੍ਹ ਥਾਣੇ ’ਚ ਗੁਜ਼ਾਰੀ। ਜ਼ਿਲ੍ਹਾ ਪੁਲੀਸ ਮੁਖੀ ਅਰੁਣ ਸੈਣੀ ਨੇ ਸਪੱਸ਼ਟ ਕੀਤਾ ਕਿ ਕਾਨੂੰਨ ਸਭ ਲਈ ਬਰਾਬਰ ਹੈ। ਹਸਪਤਾਲ ਵਿੱਚ ਮੈਡੀਕਲ ਕਰਵਾਉਣ ਵੇਲੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਜੋਗਿੰਦਰ ਪਾਲ ਨੇ ਕਿਹਾ ਕਿ ਉਸ ਨੂੰ ਰਾਜਨੀਤਕ ਸਾਜਿਸ਼ ਤਹਿਤ ਫਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਥਾਂ ’ਤੇ ਨਾਜਾਇਜ਼ ਖਣਨ ਦੇ ਦੋਸ਼ ਲਾਏ ਜਾ ਰਹੇ ਹਨ ਉਹ ਦੇਹ ਸ਼ਾਮਲਾਟ ਜ਼ਮੀਨ ਹੈ ਅਤੇ ਹੋਰ ਵੀ ਵੱਡੀ ਗਿਣਤੀ ਕਰੱਸ਼ਰ ਉਥੇ ਲੱਗੇ ਹੋਏ ਹਨ। ਜ਼ਿਲ੍ਹਾ ਪੁਲੀਸ ਮੁਖੀ ਅਰੁਣ ਸੈਣੀ ਨੇ ਦੱਸਿਆ ਕਿ 8 ਜੂਨ ਨੂੰ ਪਿੰਡ ਮੈਰਾ ਕਲਾਂ ਕੋਲ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਸੀ। ਪੁਲੀਸ ਟੀਮ ਨੇ ਮੌਕੇ ’ਤੇ ਜੇਸੀਬੀ ਅਤੇ ਟਰੈਕਟਰ-ਟਰਾਲੀ ਸਣੇ ਮਸ਼ੀਨ ਅਪਰੇਟਰ ਸੁਨੀਲ ਕੁਮਾਰ ਤੇ ਕਰੱਸ਼ਰ ਦੇ ਨੁਮਾਇੰਦੇ ਪ੍ਰਕਾਸ਼ ਨੂੰ ਕਾਬੂ ਕੀਤਾ। ਜਾਂਚ ਦੌਰਾਨ ਪਤਾ ਲੱਗਿਆ ਕਿ ਕ੍ਰਿਸ਼ਨਾ ਸਟੋਨ ਕਰੱਸ਼ਰ ਵਿੱਚ 3 ਹਿੱਸੇਦਾਰ (ਜੋਗਿੰਦਰ ਪਾਲ, ਉਸ ਦੀ ਪਤਨੀ ਕ੍ਰਿਸ਼ਨਾ ਅਤੇ ਲਕਸ਼ੈ ਮਹਾਜਨ) ਹਨ। ਪੁਲੀਸ ਨੇ ਗੈਰਕਾਨੂੰਨੀ ਖਣਨ ਦੇ ਦੋਸ਼ ਹੇਠ ਪੰਜ ਜਣਿਆਂ ਨੂੰ ਨਾਮਜ਼ਦ ਕੀਤਾ ਹੈ। ਜੋਗਿੰਦਰ ਪਾਲ ਦੀ ਇਸ ਕਰੱਸ਼ਰ ਵਿੱਚ 50 ਫੀਸਦੀ ਹਿੱਸੇਦਾਰੀ ਹੈ ਜਦ ਕਿ ਬਾਕੀ ਦੋਹਾਂ ਦੀ 25-25 ਫੀਸਦੀ ਹਿੱਸੇਦਾਰੀ ਹੈ। ਰੈਵੇਨਿਊ ਰਿਕਾਰਡ ਦੀ ਪੜਤਾਲ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਕਿ ਜਿਸ ਜਗ੍ਹਾ ਨਾਜਾਇਜ਼ ਮਾਈਨਿੰਗ ਕੀਤੀ ਗਈ, ਉਹ ਪੰਚਾਇਤੀ ਜ਼ਮੀਨ ਹੈ। ਇਸ ਕਰਕੇ ਧਾਰਾ 379 ਵੀ ਜੋੜ ਦਿੱਤੀ ਗਈ ਹੈ।