ਜੈਸਮੀਨ ਭਾਰਦਵਾਜ
ਨਾਭਾ, 10 ਜੂਨ
ਪੰਜਾਬ ਪੁਲੀਸ ਦੇ ਸਾਬਕਾ ਆਈਜੀ ਰਣਬੀਰ ਸਿੰਘ ਖੱਟੜਾ ਦੇ ਭਰਾ ਪਰਮਜੀਤ ਸਿੰਘ ਸਹੋਲੀ ਦੀ ਸ਼ਿਕਾਇਤ ‘ਤੇ ਪੁਲੀਸ ਨੇ ਨਾਮਾਲੂਮ ਵਿਅਕਤੀ ਖ਼ਿਲਾਫ਼ ਫਿਰੌਤੀ ਮੰਗਣ ਅਤੇ ਧਮਕੀ ਦੇਣ ‘ਤੇ ਕੇਸ ਦਰਜ ਕੀਤਾ ਹੈ। ਪਰਮਜੀਤ ਸਿੰਘ ਸਹੋਲੀ, ਜੋ ਅਕਾਲੀ ਦਲ ਸੁਤੰਤਰ ਦੇ ਨੇਤਾ ਹਨ, ਨੇ ਪੁਲੀਸ ਨੂੰ ਤਿੰਨ ਦਿਨ ਪਹਿਲਾਂ ਦੱਸਿਆ ਕਿ ਕਿਸੇ ਨੇ ਵੱਟਸਐਪ ’ਤੇ ਫੋਨ ਕਰਕੇ ਕਿਹਾ ਕਿ ਉਹ ਗੋਲਡੀ ਬਰਾੜ ਬੋਲ ਰਿਹਾ ਹੈ, ਜਿਸ ਨੇ ਗਾਇਕ ਸਿੱਧੂ ਮੂਸੇਵਾਲੇ ਅਤੇ ਯੂਥ ਅਕਾਲੀ ਲੀਡਰ ਵਿੱਕੀ ਮਿੱਡੂਖੇੜਾ ਦਾ ਕਤਲ ਕੀਤਾ ਹੈ। ਮੁਲਜ਼ਮ ਨੇ ਉਸ ਕੋਲੋਂ 5 ਲੱਖ ਰੁਪਏ ਦੀ ਮੰਗ ਕੀਤੀ ਅਤੇ ਉਸ ਨੂੰ ਦੱਸਿਆ ਕਿ ਸਿੱਧੂ ਮੂਸੇਵਾਲੇ ਤੋਂ ਵੀ 50 ਲੱਖ ਮੰਗੇ ਸੀ। ਪੈਸੇ ਨਾ ਮਿਲਣ ‘ਤੇ ਸਹੋਲੀ ਦਾ ਵੀ ਉਹੀ ਅੰਜਾਮ ਹੋਵੇਗਾ ਜੋ ਮੂਸੇਵਾਲੇ ਦਾ ਹੋਇਆ। ਹੁਣ ਪੁਲੀਸ ਵੱਲੋਂ ਇਸ ਮਾਮਲੇ ’ਚ ਨਾਮਾਲੂਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਨਾਭਾ ਡੀਐੱਸਪੀ ਰਾਜੇਸ਼ ਛਿੱਬਰ ਨੇ ਦੱਸਿਆ ਕਿ ਸਹੋਲੀ ਵੱਲੋਂ ਦਿੱਤਾ ਫੋਨ ਨੰਬਰ ਸਾਈਬਰ ਸੈੱਲ ਨੂੰ ਭੇਜਿਆ ਗਿਆ ਹੈ ਤੇ ਇਹਤਿਆਤ ਦੇ ਤੌਰ ‘ਤੇ ਸਹੋਲੀ ਦੀ ਸੁਰੱਖਿਆ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ।