ਨਿੱਜੀ ਪੱਤਰ ਪ੍ਰੇਰਕ
ਨਾਭਾ, 10 ਜੂਨ
ਪੰਜਾਬ ਪੁਲੀਸ ਵਿੱਚ ਆਈਜੀ ਰਣਬੀਰ ਸਿੰਘ ਖੱਟੜਾ ਦੇ ਭਰਾ ਪਰਮਜੀਤ ਸਿੰਘ ਸਹੋਲੀ ਦੀ ਸ਼ਿਕਾਇਤ ’ਤੇ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਫਿਰੌਤੀ ਮੰਗਣ ਤੇ ਧਮਕੀ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਵਜੋਂ ਸਿਆਸੀ ਤੇ ਪੰਥਕ ਮੁੱਦਿਆਂ ’ਤੇ ਸਰਗਰਮ ਰਹਿਣ ਵਾਲੇ ਪਰਮਜੀਤ ਸਿੰਘ ਸਹੋਲੀ ਨੇ ਪੁਲੀਸ ਨੂੰ ਦੱਸਿਆ ਸੀ ਕਿ ਕਿਸੇ ਨੇ ਵਟਸਐਪ ’ਤੇ ਫੋਨ ਕਰਕੇ ਉਸ ਨੂੰ ਧਮਕਾਇਆ ਕਿ ਉਹ ਗੋਲਡੀ ਬਰਾੜ ਬੋਲ ਰਿਹਾ ਹੈ, ਜਿਸ ਨੇ ਸਿੱਧੂ ਮੂਸੇਵਾਲੇ ਦਾ ਕਤਲ ਕਰਵਾਇਆ ਹੈ। ਉਕਤ ਵਿਅਕਤੀ ਨੇ ਸਹੋਲੀ ਕੋਲੋਂ 5 ਲੱਖ ਰੁਪਏ ਦੀ ਮੰਗ ਕੀਤੀ। ਜੇ ਪੈਸੇ ਨਾ ਮਿਲੇ ਤਾਂ ਉਸ ਦਾ ਹਾਲ ਵੀ ਮੂਸੇਵਾਲਾ ਵਾਲਾ ਹੋਵੇਗਾ। ਡੀਐੱਸਪੀ ਰਾਜੇਸ਼ ਛਿੱਬਰ ਨੇ ਦੱਸਿਆ ਕਿ ਫੋਨ ਨੰਬਰ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਸ੍ਰੀ ਸਹੋਲੀ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾ ਰਿਹਾ ਹੈ।