ਪੱਤਰ ਪ੍ਰੇਰਕ/ਸੰਜੀਵ ਤੇਜਪਾਲ/ ਸੰਜੀਵ ਬੱਬੀ
ਮੁਹਾਲੀ/ਮੋਰਿੰਡਾ/ਚਮਕੌਰ ਸਾਹਿਬ, 6 ਫਰਵਰੀ
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਸਾਬਕਾ ਕੈਬਨਿਟ ਮੰਤਰੀ ਬੀਬੀ ਸਤਵੰਤ ਕੌਰ ਸੰਧੂ (80) ਦਾ ਬੀਤੀ ਦੇਰ ਰਾਤ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਬੀਬੀ ਸੰਧੂ 21 ਜਨਵਰੀ ਤੋਂ ਕਰੋਨਾਵਾਇਰਸ ਤੋਂ ਪੀੜਤ ਸਨ। ਜਾਣਕਾਰੀ ਅਨੁਸਾਰ ਬੀਬੀ ਸੰਧੂ ਚਮਕੌਰ ਸਾਹਿਬ ਹਲਕੇ ਤੋਂ ਪੰਜ ਵਾਰ ਵਿਧਾਇਕ ਅਤੇ ਦੋ ਵਾਰ ਕੈਬਨਿਟ ਮੰਤਰੀ ਰਹੇ। ਉਨ੍ਹਾਂ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਲੰਮਾ ਸਮਾਂ ਪ੍ਰਤੀਨਿੱਧਤਾ ਕੀਤੀ। ਬੀਬੀ ਸੰਧੂ ਦੇ ਪੁੱਤਰ ਅਤੇ ਹਲਕਾ ਇੰਚਾਰਜ ਹਰਮੋਹਣ ਸਿੰਘ ਸੰਧੂ ਨੇ ਦੱਸਿਆ ਕਿ ਅੱਜ ਮੁਹਾਲੀ ਵਿੱਚ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ ਹੈ। ਇਸ ਦੌਰਾਨ ਅਕਾਲੀ ਆਗੂ ਦਲਜੀਤ ਸਿੰਘ ਚੀਮਾ, ਅਕਾਲੀ ਵਿਧਾਇਕ ਐੱਨ.ਕੇ. ਸ਼ਰਮਾ, ਸਾਬਕਾ ਵਿਧਾਇਕ ਜਥੇਦਾਰ ਉਜਾਗਰ ਸਿੰਘ ਬਡਾਲੀ, ਸੀਨੀਅਰ ਅਕਾਲੀ ਆਗੂ ਕਿਰਨਬੀਰ ਸਿੰਘ ਕੰਗ, ਜਥੇਦਾਰ ਅਜਮੇਰ ਸਿੰਘ ਖੇੜਾ, ਜੁਗਰਾਜ ਸਿੰਘ ਮਾਨਖੇੜੀ, ਜਸਵਿੰਦਰ ਸਿੰਘ ਛੋਟੂ, ਦਵਿੰਦਰ ਸਿੰਘ ਮਝੈਲ, ਜਗਪਾਲ ਸਿੰਘ ਜੌਲੀ ਸਮੇਤ ਰਾਜਨੀਤਕ ਪਾਰਟੀਆਂ, ਅਤੇ ਸਮਾਜ ਸੇਵੀ ਸੰਸਥਾਵਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਬਾਦਲਾਂ ਨੇ ਪਰਿਵਾਰ ਨਾਲ ਦੁੱਖ ਵੰਡਾਇਆ
ਚੰਡੀਗੜ੍ਹ (ਟਨਸ): ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੀਬੀ ਸਤਵੰਤ ਕੌਰ ਸੰਧੂ ਦੇ ਅਕਾਲ ਚਲਾਣੇ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਇਸ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸਮਾਜ ਦੇ ਕਮਜ਼ੋਰ ਵਰਗਾਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਬੀਬੀ ਸੰਧੂ ਦੇ ਕੰਮ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਸੁਖਬੀਰ ਸਿੰਘ ਬਾਦਲ ਨੇ ਆਪਣੇ ਸ਼ੋਕ ਸੰਦੇਸ਼ ਵਿਚ ਕਿਹਾ ਕਿ ਬੀਬੀ ਸੰਧੂ ਪਾਰਟੀ ਦੇ ਵਫਾਦਾਰ ਵਰਕਰ ਸਨ, ਜਿਨ੍ਹਾਂ ਨੇ ਜੀਵਨ ਵਿੱਚ ਹਮੇਸ਼ਾ ਪੰਥਕ ਸਿਧਾਂਤਾਂ ਅਨੁਸਾਰ ਕੰਮ ਕੀਤਾ।