ਨਿੱਜੀ ਪੱਤਰ ਪ੍ਰੇਰਕ
ਮੋਗਾ, 3 ਅਪਰੈਲ
ਮਰਹੂਮ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਦੀ ਧੀ ਅਤੇ ਸੁਪਰੀਮ ਕੋਰਟ ਦੀ ਸੀਨੀਅਰ ਵਕੀਲ ਗੁਰਕੀਰਤ ਕੌਰ ਨੇ ਸਰਗਰਮ ਸਿਆਸਤ ’ਚ ਆਉਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਸੂਬੇ ’ਚ ਹਾਕਮ ਧਿਰ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਜਗਰਾਉਂ ਹਲਕੇ ਤੋਂ ਖੜ੍ਹੇ ਹੋਣ ਦੀ ਇੱਛਾ ਜਤਾਈ ਹੈ। ਮੋਗਾ ਵਿੱਚ ਆਲ ਇੰਡੀਆ ਵਾਲਮੀਕਿ ਖਾਲਸਾ ਦਲ ਪੰਜਾਬ ਵੱਲੋਂ ਕਰਵਾਏ ਸਮਾਗਮ ’ਚ ਪਹੁੰਚੇ ਐਡਵੋਕੇਟ ਗੁਰਕੀਰਤ ਕੌਰ ਨੇ ਭਵਿੱਖ ਵਿੱਚ ਚੋਣਾਂ ਲੜਨ ਬਾਰੇ ਕਿਹਾ ਕਿ ਇਸ ਦਾ ਫੈਸਲਾ ਪਾਰਟੀ ਨੇ ਲੈਣਾ ਹੈ ਤੇ ਉਹ ਪਾਰਟੀ ਦੇ ਹਰ ਫੈਸਲੇ ਨੂੰ ਖਿੜੇ ਮੱਥੇ ਪ੍ਰਵਾਨ ਕਰਨਗੇ। ਪਾਰਟੀ ਹਾਈ ਕਮਾਂਡ ਨੇ ਉਨ੍ਹਾਂ ਨੂੰ ਜਗਰਾਉਂ ਹਲਕੇ ਤੋਂ ਕੰਮ ਕਰਨ ਲਈ ਆਖਿਆ ਹੈ। ਉਨ੍ਹਾਂ ਜਗਰਾਉਂ ਵਿੱਚ ਪੱਕਾ ਰਹਿਣ ਬਸੇਰਾ ਵੀ ਬਣਾ ਲਿਆ ਹੈ।