ਚੰਡੀਗੜ੍ਹ (ਆਤਿਸ਼ ਗੁਪਤਾ): ਪੰਜਾਬ ਪੁਲੀਸ ਦੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਸਾਬਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਤੇ ਉਸ ਦੇ ਭਤੀਜੇ ਨੂੰ ਖਰੜ ਦੇ ਸਨੀ ਐਨਕਲੇਵ ਨੇੜਿਓਂ 100 ਗ੍ਰਾਮ ਹੈਰੋਇਨ ਦੀ ਕਥਿਤ ਤੌਰ ’ਤੇ ਤਸਕਰੀ ਕਰਦਿਆਂ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਪੁਲੀਸ ਦੇ ਆਈਜੀ ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਚੰਡੀਗੜ੍ਹ ’ਚ ਪੱਤਰਕਾਰਾਂ ਨੂੰ ਦੱਸਿਆ ਕਿ ਸਾਬਕਾ ਵਿਧਾਇਕ ਸਤਿਕਾਰ ਕੌਰ ਨਾਲ ਫੜੇ ਉਸ ਦੇ ਭਤੀਜੇ ਦੀ ਪਛਾਣ ਜਸਕੀਰਤ ਸਿੰਘ ਵਜੋਂ ਹੋਈ ਹੈ। ਮੁਲਜ਼ਮ ਸਤਿਕਾਰ ਕੌਰ ਸਾਲ 2017 ਵਿੱਚ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਚੁਣੀ ਗਈ ਸੀ ਤੇ ਸਾਲ 2022 ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਈ ਸੀ।
ਰੰਜਿਸ਼ ਤਹਿਤ ਫ਼ਸਾਇਆ ਜਾ ਰਿਹੈ: ਲਾਡੀ
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਸਾਬਕਾ ਵਿਧਾਇਕਾ ਸਤਿਕਾਰ ਕੌਰ ਗਹਿਰੀ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਨੂੰ ਸਿਆਸੀ ਰੰਜਿਸ਼ ਤਹਿਤ ਫ਼ਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜਿਹੜਾ ਦੂਜਾ ਵਿਅਕਤੀ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਉਨ੍ਹਾਂ ਦਾ ਡਰਾਈਵਰ ਨਹੀਂ ਹੈ। ਘਰ ਵਿਚੋਂ ਬਰਾਮਦ ਹੋਈਆਂ ਗੱਡੀਆਂ ਬਾਰੇ ਜਸਮੇਲ ਸਿੰਘ ਲਾਡੀ ਗਹਿਰੀ ਦਾ ਕਹਿਣਾ ਸੀ ਕਿ ਇਹ ਗੱਡੀਆਂ ਉਨ੍ਹਾਂ ਦੀਆਂ ਖਰੀਦੀਆਂ ਹੋਈਆਂ ਹਨ।