ਪੱਤਰ ਪ੍ਰੇਰਕ
ਪਾਇਲ, 20 ਜੁਲਾਈ
ਇੱਥੋਂ ਦੀ ਪੁਲੀਸ ਨੇ ਇੱਕ ਸਾਬਕਾ ਵਿਧਾਇਕ ਦੇ ਗੰਨਮੈਨ ਨੂੰ ਅਫ਼ੀਮ ਸਣੇ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣੇਦਾਰ ਰੂੜ ਸਿੰਘ ਨੇ ਪੁਲੀਸ ਪਾਰਟੀ ਸਣੇ ਡੂਮ ਦੇ ਨਹਿਰੀ ਪੁਲ ’ਤੇ ਨਾਕਾਬੰਦੀ ਦੌਰਾਨ ਪਾਇਲ ਵੱਲੋਂ ਰਾੜਾ ਸਾਹਿਬ ਵੱਲ ਜਾਂਦੇ ਇੱਕ ਮੋਟਰਸਾਈਕਲ ਸਵਾਰ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 200 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਬਲਜੀਤ ਸਿੰਘ ਸਾਧੂ ਪੱਤੀ ਵਾਸੀ ਘੁਡਾਣੀ ਕਲਾਂ ਵਜੋਂ ਹੋਈ ਹੈ, ਜੋ ਪੰਜਾਬ ਪੁਲੀਸ ਦਾ ਮੁਲਾਜ਼ਮ ਹੈ ਤੇ ਇਸ ਵੇਲੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨਾਲ ਗੰਨਮੈਨ ਵਜੋਂ ਤਾਇਨਾਤ ਹੈ। ਇਸ ਸਬੰਧੀ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਮੁਲਾਜ਼ਮ ਬਲਜੀਤ ਸਿੰਘ 19 ਜੁਲਾਈ ਤੋਂ ਛੁੱਟੀ ’ਤੇ ਹੈ ਤੇ ਉਨ੍ਹਾਂ ਨੂੰ ਉਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।