ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 10 ਜੂਨ
ਪੰਜਾਬ ਸਕੂਲ ਸਿੱਖਿਆ ਬੋਰਡ ਦਾ ਚੇਅਰਮੈਨ ਲੱਗਣ ਲਈ ਸੇਵਾਮੁਕਤ ਆਈਏਐੱਸ ਅਫ਼ਸਰਾਂ ਅਤੇ ਸਿੱਖਿਆ ਸ਼ਾਸਤਰੀਆਂ ਵਿੱਚ ਦੌੜ ਸ਼ੁਰੂ ਹੋ ਗਈ ਹੈ। ਪੰਜਾਬ ਸਰਕਾਰ ਨੇ 22 ਮਈ ਸ਼ਾਮ 5 ਵਜੇ ਤੱਕ ਚੇਅਰਮੈਨ ਲੱਗਣ ਦੇ ਚਾਹਵਾਨਾਂ ਕੋਲੋਂ ਅਰਜ਼ੀਆਂ ਮੰਗੀਆਂ ਸਨ। ਪਤਾ ਲੱਗਾ ਹੈ ਕਿ ਇਕ ਮੌਜੂਦਾ ਜੱਜ ਸਮੇਤ ਤਿੰਨ ਸੇਵਾਮੁਕਤ ਆਈਏਐੱਸ ਅਫ਼ਸਰਾਂ, ਇਕ ਸਾਬਕਾ ਏਡੀਸੀ, ਬੋਰਡ ਦੇ ਸਾਬਕਾ ਸਕੱਤਰ ਅਤੇ ਕੁਝ ਸਿੱਖਿਆ ਸ਼ਾਸਤਰੀਆਂ ਸਮੇਤ ਕਰੀਬ 37 ਉਮੀਦਵਾਰਾਂ ਨੇ ਅਰਜ਼ੀਆਂ ਦਿੱਤੀਆਂ ਹਨ। ਇਹ ਵੀ ਪਤਾ ਲੱਗਾ ਹੈ ਕਿ ਸਰਕਾਰ ਨੇ ਵਾਈਸ ਚੇਅਰਮੈਨ ਦੀ ਖਾਲੀ ਅਸਾਮੀ ਭਰ ਲਈ ਹੈ, ਬਸ ਰਸਮੀ ਐਲਾਨ ਕਰਨਾ ਬਾਕੀ ਹੈ। ਬੋਰਡ ਦੇ ਇੱਕ ਮੈਂਬਰ ਨੂੰ ਵਾਈਸ ਚੇਅਰਮੈਨ ਲਾਉਣ ਦੇ ਵੀ ਚਰਚੇ ਹਨ।
ਸਿੱਖਿਆ ਬੋਰਡ ਦੇ ਸੂਤਰਾਂ ਦੀ ਜਾਣਕਾਰੀ ਅਨੁਸਾਰ ਰੋਸ਼ਨ ਸੰਕਾਰੀਆਂ, ਮਨਜੀਤ ਸਿੰਘ ਨਾਰੰਗ, ਏਐੱਸ ਮਿਗਲਾਨੀ, ਐੱਚਐੱਸ ਨੰਦਾ (ਸੇਵਾਮੁਕਤ ਆਈਏਐੱਸ ਅਫ਼ਸਰ), ਸਾਬਕਾ ਏਡੀਸੀ ਚਰਨਦੇਵ ਸਿੰਘ ਮਾਨ, ਸਿੱਖਿਆ ਸ਼ਾਸਤਰੀ ਡਾ. ਬਲਵਿੰਦਰ ਸਿੰਘ, ਹਿੰਦੂ ਕਾਲਜ ਅੰਮ੍ਰਿਤਸਰ ਦੇ ਪ੍ਰਿੰਸਪੀਲ ਪਰਮਜੀਤ ਸਿੰਘ ਜੋ ਬੋਰਡ ਆਫ਼ ਡਾਇਰੈਕਟਰ ਦੇ ਮੈਂਬਰ ਵੀ ਹਨ ਅਤੇ ਪੰਜਾਬ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ ਰਾਏ ਸ਼ਰਮਾ ਨੇ ਚੇਅਰਮੈਨ ਲੱਗਣ ਦੀ ਇੱਛਾ ਪ੍ਰਗਟਾਈ ਹੈ। ਜਦੋਂਕਿ ਬੋਰਡ ਆਫ਼ ਡਾਇਰੈਕਟਰ ਦੇ ਇਕ ਮੈਂਬਰ ਮੋਹਨ ਲਾਲ ਸ਼ਰਮਾ ਨੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੋ ਅਹੁਦਿਆਂ ਲਈ ਵੱਖੋ-ਵੱਖ ਅਰਜ਼ੀਆਂ ਦਿੱਤੀਆਂ ਹਨ। ਇਕ ਮੌਜੂਦਾ ਜੱਜ ਨੇ ਚੇਅਰਮੈਨ ਲੱਗਣ ਲਈ ਅਰਜ਼ੀ ਦਿੱਤੀ ਹੈ। ਸੂਤਰ ਦੱਸਦੇ ਹਨ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਹਾਲ ਹੀ ਵਿੱਚ ਡੀਪੀਆਈ (ਐਲੀਮੈਂਟਰੀ) ਦੇ ਅਹੁਦੇ ਤੋਂ ਸੇਵਾਮੁਕਤ ਹੋਏ ਇੰਦਰਜੀਤ ਸਿੰਘ ਨੂੰ ਬੋਰਡ ਦੀ ਚੇਅਰਮੈਨੀ ਦੇਣ ਦੇ ਹੱਕ ਵਿੱਚ ਹਨ ਅੇ ਅਧਿਕਾਰੀ ਨੂੰ ਇਸ ਅਹੁਦੇ ਲਈ ਅਰਜ਼ੀ ਦੇਣ ਲਈ ਵੀ ਕਿਹਾ ਗਿਆ ਸੀ ਪਰ ਉਨ੍ਹਾਂ ਇਹ ਸਿਆਸੀ ਅਹੁਦਾ ਹੋਣ ਕਾਰਨ ਅਰਜ਼ੀ ਨਹੀਂ ਦਿੱਤੀ ਹੈ।
ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਸਕੱਤਰ ਦੀ ਅਗਵਾਈ ਵਾਲੀ ਵਿਸ਼ੇਸ਼ ਕਮੇਟੀ ਦੀ 12 ਜੂਨ ਨੂੰ ਹੋਣ ਵਾਲੀ ਮੀਟਿੰਗ ਵਿੱਚ ਬੋਰਡ ਦਾ ਚੇਅਰਮੈਨ ਲੱਗਣ ਲਈ ਅਰਜ਼ੀਆਂ ਦੇਣ ਵਾਲਿਆਂ ਦੇ ਨਾਵਾਂ ’ਤੇ ਚਰਚਾ ਕੀਤੀ ਜਾਵੇਗੀ।
ਸਰਕਾਰ ਨੇ ਰਾਜਸਥਾਨ 1983 ਬੈਚ ਦੇ ਆਈਏਐੱਸ ਮਨੋਹਰ ਕਾਂਤ ਕਲੋਹੀਆ ਨੂੰ 26 ਫਰਵਰੀ 2018 ਨੂੰ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਸੀ ਪ੍ਰੰਤੂ ਉਹ 25 ਨਵੰਬਰ 2019 ਨੂੰ ਚੇਅਰਮੈਨ ਦੀ ਉਮਰ 66 ਸਾਲ ਦੀ ਹੋਣ ਕਾਰਨ ਉਹ ਇਕ ਦਿਨ ਪਹਿਲਾਂ 24 ਨਵੰਬਰ ਨੂੰ ਛੁੱਟੀ ’ਤੇ ਚਲੇ ਗਏ। ਇਸ ਮਗਰੋਂ ਸਰਕਾਰ ਵੱਲੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਬੋਰਡ ਦਾ ਦਫ਼ਤਰੀ ਕੰਮ ਚਲਾਉਣ ਲਈ ਚੇਅਰਮੈਨ ਦਾ ਵਾਧੂ ਚਾਰਜ ਦਿੱਤਾ ਗਿਆ।