ਰਵੇਲ ਸਿੰਘ ਭਿੰਡਰ
ਪਟਿਆਲਾ, 14 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਦੇ ਸਾਬਕਾ ਜ਼ਿਲ੍ਹਾ ਪਟਿਆਲਾ ਪ੍ਰਧਾਨ ਦੀ ਭਲਕੇ 15 ਜੂਨ ਨੂੰ ਢੀਂਡਸਿਆਂ ਦੇ ਕਾਫ਼ਲੇ ਵਿੱਚ ਸ਼ਾਮਲ ਹੋਣ ਦੀ ਕਨਸੋਅ ਹੈ। ਕੁਝ ਮਹੀਨੇ ਪਹਿਲਾਂ ਵੀ ਇਸ ਨਾਰਾਜ਼ ਆਗੂ ਨੇ ਢੀਂਡਸਿਆਂ ਨਾਲ ਰਲਣ ਦੀ ਤਿਆਰੀ ਖਿੱਚੀ ਲਈ ਸੀ ਤੇ ਪਰ ਉਦੋਂ ਕੁਝ ਆਗੂਆਂ ਨੇ ਦਖ਼ਲ ਦੇ ਕੇ ਇਸ ਆਗੂ ਨੂੰ ਪਾਰਟੀ ਵਿੱਚ ਟਿਕੇ ਰਹਿਣ ਲਈ ਮਨਾ ਲਿਆ ਸੀ। ਸਿਆਸੀ ਜਾਣਕਾਰਾਂ ਅਨੁਸਾਰ ਇਸ ਨਾਰਾਜ਼ ਚੱਲ ਰਹੇ ਆਗੂ ਨੇ ਮੁੜ ਬਾਦਲਾਂ ਦਾ ਸਾਥ ਛੱਡਣ ਦਾ ਮਨ ਬਣਾ ਲਿਆ ਹੈ ਤੇ ਬਾਕਾਇਦਾ ਢੀਂਡਸਿਆਂ ਤੇ ਟਕਸਾਲੀ ਦਲ ਦੇ ਆਗੂਆਂ ਨਾਲ ਲੁਕਵੇਂ ਏਜੰਡੇ ਬਾਰੇ ਗੱਲਬਾਤ ਵੀ ਮੁਕਾ ਲਈ ਹੈ। ਸੂਤਰ ਦੱਸਦੇ ਹਨ ਕਿ ਭਲਕੇ ਸੁਖਦੇਵ ਸਿੰਘ ਢੀਂਡਸਾ ਵੱਡੀ ਗਿਣਤੀ ਸਾਥੀਆਂ ਸਣੇ ਸਾਬਕਾ ਜ਼ਿਲ੍ਹਾ ਪ੍ਰਧਾਨ ਦੇ ਘਰ ਪਹੁੰਚ ਰਹੇ ਹਨ।
ਢੀਂਡਸਾ ਦੇ ਨੇੜਲਿਆਂ ਦਾ ਕਹਿਣਾ ਹੈ ਕਿ ਪਰਸੋਂ ਮਾਲਵੇ ਦੇ ਇੱਕ ਵਾਹਦ ਆਗੂ ਵੱਲੋੋਂ ਬਾਦਲਾਂ ਨਾਲੋਂ ਤੋੜ ਵਿਛੋੜੇ ਦਾ ਐਲਾਨ ਕੀਤਾ ਜਾ ਰਿਹਾ ਹੈ ਤੇ ਇਸ ਤੋਂ ਅਗਲੇ ਦਿਨ ਦੁਆਬੇ ਦੇ ਸੀਨੀਅਰ ਆਗੂ ਵੱਲੋਂ ਬਾਦਲਾਂ ਨੂੰ ਛੱਡਣ ਦਾ ਐਲਾਨ ਕੀਤਾ ਜਾਵੇਗਾ। ਵੇਰਵਿਆਂ ਮੁਤਾਬਕ ਬਾਦਲਾਂ ਖ਼ਿਲਾਫ਼ ਵਿੱਢੀ ਜਾਣ ਵਾਲੀ ਅਜਿਹੀ ‘ਬਾਦਲ ਛੱਡੋ’ ਮੁਹਿੰਮ ’ਚ ਢੀਂਡਸਿਆਂ ਦੇ ਨਾਲ ਅਕਾਲੀ ਦਲ ਟਕਸਾਲੀ ਦੇ ਆਗੂ ਵੀ ਬਰਾਬਰ ਸਰਗਰਮੀ ਕਰ ਰਹੇ ਹਨ। ਅਕਾਲੀ ਦਲ ਟਕਸਾਲੀ ਦੇ ਇੱਕ ਸੀਨੀਅਰ ਆਗੂ ਨੇ ਭਲਕ ਦੇ ਸਿਆਸੀ ਵਰਤਾਰੇ ਬਾਰੇ ਸਪਸ਼ਟ ਕੀਤਾ ਹੈ।