ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਨਵੰਬਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਮੈੱਨ ਸਟੱਡੀ ਸੈਂਟਰ ਵੱਲੋਂ ਬੀਤੇ ਦਿਨੀਂ ਕਰਵਾਈ ਗਈ 13ਵੀਂ ਕੌਮਾਂਤਰੀ ਕਾਨਫਰੰਸ ‘ਵਿਮੈੱਨ ਇਨ ਲੀਡਰਸ਼ਿਪ: ਇਸ਼ੂਜ਼ ਐਂਡ ਚੈਲੇਂਜਿਜ਼’ ਦੌਰਾਨ ਯੂਨੀਵਰਸਿਟੀ ਦੀ ਸਾਬਕਾ ਉਪ ਕੁਲਪਤੀ ਇੰਦਰਜੀਤ ਕੌਰ ਸੰਧੂ ਦਾ ਸਨਮਾਨ ਕੀਤਾ ਗਿਆ। ਸ੍ਰੀਮਤੀ ਸੰਧੂ ਪੰਜਾਬੀ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਉਪ-ਕੁਲਪਤੀ ਸਨ। ਉਹ ਉੱਤਰੀ ਭਾਰਤ ਦੀਆਂ ਯੂਨੀਵਰਸਿਟੀਆਂ ’ਚੋਂ ਵੀਸੀ ਦੇ ਅਹੁਦੇ ਤੱਕ ਪਹੁੰਚਣ ਵਾਲੀ ਪਹਿਲੀ ਔਰਤ ਸੀ। ਸਾਲ 1975 ਵਿੱਚ ਉਪ-ਕੁਲਪਤੀ ਵਜੋਂ ਨਿਯੁਕਤੀ ਸਮੇਂ ਵਿਸ਼ਵ ਭਰ ਉੱਚ ਅਹੁਦਿਆਂ ’ਤੇ ਤਾਇਨਾਤ ਤਿੰਨ ਮਹਿਲਾਵਾਂ ਵਿੱਚੋਂ ਇੱਕ ਸ੍ਰੀਮਤੀ ਸੰਧੂ ਸਨ। ਸਾਲ 1980 ਵਿੱਚ ਉਹ ਸਟਾਫ਼ ਸਿਲੈਕਸ਼ਨ ਕਮਿਸ਼ਨ, ਨਵੀਂ ਦਿੱਲੀ ਦੀ ਪਹਿਲੀ ਮਹਿਲਾ ਚੇਅਰਪਰਸਨ ਬਣੇ। ਭਾਰਤ-ਪਾਕਿ ਵੰਡ ਤੋਂ ਪਹਿਲਾਂ 1923 ਵਿੱਚ ਜਨਮੇ ਸ੍ਰੀਮਤੀ ਸੰਧੂ ਨੇ ਆਪਣੀ ਪੜ੍ਹਾਈ ਪਟਿਆਲਾ ਅਤੇ ਲਾਹੌਰ ਵਿੱਚ ਮੁਕੰਮਲ ਕੀਤੀ। ਉਨ੍ਹਾਂ ਫਿਲਾਸਫੀ ’ਚ ਮਾਸਟਰ ਡਿਗਰੀ ਕਰਨ ਮਗਰੋਂ ਪੜ੍ਹਾਉਣਾ ਸ਼ੁਰੂ ਕੀਤਾ। ਉਪਰੰਤ ਜਦੋਂ ਪੰਜਾਬੀ ਵਿਸ਼ੇ ਵਿੱਚ ਐੱਮ.ਏ. ਦੀ ਪੜ੍ਹਾਈ ਸ਼ੁਰੂ ਹੋਈ ਤਾਂ ਉਨ੍ਹਾਂ ਪੰਜਾਬੀ ਵਿਚ ਮਾਸਟਰਜ਼ ਦੀ ਡਿਗਰੀਕੀਤੀ। ਉਹ ਆਪਣੀ ਸੇਵਾਮੁਕਤੀ ਤੱਕ ਅਧਿਆਪਨ ਦੇ ਕਿੱਤੇ ਨਾਲ ਜੁੜੇ ਰਹੇ। ਉਨ੍ਹਾਂ ਆਪਣਾ ਇੱਕ ਸਕੂਲ ਵੀ ਖੋਲ੍ਹਿਆ ਅਤੇ ਉਹ ਪੰਜਾਬ ਦੀਆਂ ਕਈ ਵਿਦਿਅਕ ਸੰਸਥਾਵਾਂ ’ਚ ਪ੍ਰਸ਼ਾਸਨਿਕ ਅਹੁਦਿਆਂ ’ਤੇ ਵੀ ਸਰਗਰਮ ਰਹੇ। ਜੀਵਨ ’ਚ ਕਈ ਔਕੜਾਂ ਦਾ ਸਾਹਮਣਾ ਕਰਨ ਤੋਂ ਬਾਅਦ ਉਹ 98ਵੇਂ ਸਾਲ ਦੀ ਉਮਰੇ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਯੂਨੀਵਰਸਿਟੀ ਦੇ ਮੌਜੂਦਾ ਉਪ ਕੁਲਪਤੀ ਪ੍ਰੋ. ਅਰਵਿੰਦ, ਉਨ੍ਹਾਂ ਦੀ ਪਤਨੀ, ਪ੍ਰੋ. ਕਵਿਤਾ ਅਤੇ ਵਿਮੈੱਨ ਸਟੱਡੀਜ਼ ਸੈਂਟਰ ਦੀ ਡਾਇਰੈਕਟਰ ਪ੍ਰੋ. ਰਿਤੂ ਲਹਿਲ ਅਤੇ ਉਨ੍ਹਾਂ ਦੀ ਟੀਮ ਚੰਡੀਗੜ੍ਹ ਸਥਿਤ ਸ੍ਰੀਮਤੀ ਸੰਧੂ ਦੇ ਨਿਵਾਸ ’ਤੇ ਪੁੱਜੀ ਅਤੇ ਵਿਸ਼ੇਸ਼ ਤੌਰ ’ਤੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਸ੍ਰੀਮਤੀ ਸੰਧੂ ਦੇ ਪੁੱਤਰ ‘ਦਿ ਟ੍ਰਿਬਿਊਨ’ ਦੇ ਸਾਬਕਾ ਸੀਨੀਅਰ ਅਸੋਸੀਏਟ ਐਡੀਟਰ ਰੁਪਿੰਦਰ ਸਿੰਘ ਨੇ ਆਪਣੀ ਮਾਤਾ ਬਾਰੇ ਛਪੀ ਕਿਤਾਬ ‘ਇੰਦਰਜੀਤ ਕੌਰ ਸੰਧੂ: ਐਨ ਇੰਸਪਾਇਰਿੰਗ ਸਟੋਰੀ’ ਦੇ ਦੂਸਰੇ ਐਡੀਸ਼ਨ ਦੀ ਪਹਿਲੀ ਕਾਪੀ ਉਪ-ਕੁਲਪਤੀ ਪ੍ਰੋ. ਅਰਵਿੰਦ ਨੂੰ ਭੇਟ ਕੀਤੀ। ਪ੍ਰੋ. ਅਰਵਿੰਦ ਨੇ ’ਵਰਸਿਟੀ ਟੀਮ ਦੀ ਮਦਦ ਨਾਲ ਸ੍ਰੀਮਤੀ ਸੰਧੂ ਨਾਲ ਮੁਲਾਕਾਤ ਦੀ ਰਿਕਾਰਡਿੰਗ ਵੀ ਕੀਤੀ ਤੇ ਰਿਕਾਰਡ ਕੀਤਾ ਸੰਦੇਸ਼ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਦੌਰਾਨ ਚਲਾਇਆ ਗਿਆ।