ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਅਕਤੂਬਰ
ਪੰਜਾਬ ਪੁਲੀਸ ਨੇ ਪਾਕਿਸਤਾਨ ਸਥਿਤ ਅਤਿਵਾਦੀ ਹਰਵਿੰਦਰ ਸਿੰਘ ਰਿੰਦਾ ਦੀ ਹਮਾਇਤ ਪ੍ਰਾਪਤ ਤੇ ਅਮਰੀਕਾ ਸਥਿਤ ਗੈਂਗਸਟਰ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆ ਵੱਲੋਂ ਚਲਾਏ ਜਾ ਰਹੇ ਅਤਿਵਾਦੀ ਮਾਡਿਊਲ ਦੇ ਚਾਰ ਕਾਰਕੁਨਾਂ ਨੂੰ ਮੁਹਾਲੀ ’ਚ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਵਿਕਰਮਜੀਤ ਸਿੰਘ ਉਰਫ਼ ਰਾਜਾ ਬੈਂਸ ਵਾਸੀ ਬਟਾਲਾ, ਬਾਵਾ ਸਿੰਘ, ਗੁਰਕ੍ਰਿਪਾਲ ਸਿੰਘ ਉਰਫ਼ ਗਗਨ ਰੰਧਾਵਾ ਤੇ ਅਮਾਨਤ ਗਿੱਲ ਵਾਸੀਆਨ ਅੰਮ੍ਰਿਤਸਰ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਤੋਂ .32 ਬੋਰ ਦਾ ਇਕ ਪਿਸਤੌਲ ਤੇ 10 ਕਾਰਤੂਸ ਬਰਾਮਦ ਕੀਤੇ ਹਨ। ਇਹ ਕਾਰਵਾਈ ਮੁਹਾਲੀ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਹੈ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮਾਂ ਦੀ ਸੂਬੇ ਦੇ ਮੋਹਤਬਰ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਸੀ। ਇਸ ਲਈ ਅਮਰੀਕਾ ’ਚ ਬੈਠੇ ਗੈਂਗਸਟਰ ਹੈਪੀ ਪਾਸੀਆ ਨੇ ਮੁਲਜ਼ਮ ਵਿਕਰਮਜੀਤ ਨਾਲ ਟਾਰਗੇਟ ਕਿਲਿੰਗ ਕਰਨ ਸਬੰਧੀ 15 ਲੱਖ ਰੁਪਏ ’ਚ ਸੌਦਾ ਕੀਤਾ ਸੀ। ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਸਤੰਬਰ 2023 ਦੇ ਆਖਰੀ ਹਫ਼ਤੇ ਮੁਲਜ਼ਮ ਵਿਕਰਮਜੀਤ ਵੱਲੋਂ ਰੇਕੀ ਵੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਵਿਕਰਮਜੀਤ ਲਈ ਪਿਸਤੌਲ ਤੇ ਕਾਰਤੂਸਾਂ ਦਾ ਪ੍ਰਬੰਧ ਹੈਪੀ ਪਾਸੀਆ ਨੇ ਆਪਣੇ ਸਥਾਨਕ ਸਾਥੀਆਂ ਗੁਰਕਿਰਪਾਲ ਸਿੰਘ ਉਰਫ਼ ਗਗਨ ਰੰਧਾਵਾ, ਹਰੀ ਸਿੰਘ ਉਰਫ਼ ਹੈਰੀ ਅਤੇ ਅਮਾਨਤ ਗਿੱਲ, ਸਾਰੇ ਵਾਸੀ ਅੰਮ੍ਰਿਤਸਰ ਰਾਹੀਂ ਕੀਤਾ ਸੀ।