ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 17 ਸਤੰਬਰ
ਅੰਮ੍ਰਿਤਸਰ ਪੁਲੀਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ ਹੇਠ ਮਹਿਲਾ ਨੂੰ 4 ਕਿਲੋ 580 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮਹਿਲਾ ਦੀ ਪਛਾਣ ਕੰਵਲਜੀਤ ਕੌਰ ਉਰਫ ਮਾਸੀ ਵਾਸੀ ਗੋਲਡਨ ਐਵੇਨਿਊ, ਹਰਗੋਬਿੰਦਪੁਰਾ, ਛੇਹਰਟਾ ਵਜੋਂ ਹੋਈ ਹੈ। ਪੁਲੀਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕੰਵਲਜੀਤ ਕੌਰ ਅਤੇ ਉਸ ਦਾ ਜਵਾਈ ਜੁਗਰਾਜ ਸਿੰਘ ਪਾਕਿਸਤਾਨ ਅਧਾਰਿਤ ਵੱਖ-ਵੱਖ ਨਸ਼ਾ ਤਸਕਰਾਂ ਦੇ ਨਾਲ ਸਿੱਧੇ ਸੰਪਰਕ ਵਿੱਚ ਸਨ ਅਤੇ ਦੋਵੇਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਹੇ ਸਨ। ਉਨ੍ਹਾਂ ਵੱਲੋਂ ਨਸ਼ੀਲੇ ਪਦਾਰਥ ਪਾਕਿਸਤਾਨ ਤੋਂ ਲਿਆਉਣ ਲਈ ਡਰੋਨ ਦੀ ਵਰਤੋਂ ਕੀਤੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਕੰਵਲਜੀਤ ਕੌਰ ਨੇ ਨਸ਼ੇ ਦੀ ਖੇਪ ਪ੍ਰਾਪਤ ਕੀਤੀ ਹੈ, ਜੋ ਉਸ ਦੇ ਕਬਜ਼ੇ ਵਿੱਚ ਸੀ। ਡੀਸੀਪੀ ਹਰਪ੍ਰੀਤ ਸਿੰਘ ਮੰਡੇਰ ਦੀ ਨਿਗਰਾਨੀ ਹੇਠ ਪੁਲੀਸ ਟੀਮਾਂ ਨੇ ਮਹਿਲਾ ਨੂੰ ਛੇਹਰਟਾ ਵਿੱਚ ਉਸ ਦੇ ਕਿਰਾਏ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇੱਕ ਹੋਰ ਵੱਖਰੇ ਮਾਮਲੇ ਵਿੱਚ ਕੰਟੋਨਮੈਂਟ ਦੀ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਕੇ 2 ਪਿਸਤੌਲ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਵਿਸ਼ਾਲ ਕੁਮਾਰ, ਨਰੇਸ਼ ਕੁਮਾਰ ਉਰਫ ਮਣੀ, ਗੁਰਪ੍ਰੀਤ ਸਿੰਘ ਉਰਫ ਗੋਪੀ ਸਾਰੇ ਵਾਸੀ ਪਿੰਡ ਡੰਡੇ ਵਜੋਂ ਹੋਈ ਹੈ।
ਦੋ ਨਸ਼ਾ ਤਸਕਰਾਂ ਤੋਂ ਕਿੱਲੋ ਹੈਰੋਇਨ ਬਰਾਮਦ
ਤਰਨ ਤਾਰਨ (ਗੁਰਬਖ਼ਸ਼ਪੁਰੀ): ਥਾਣਾ ਖਾਲੜਾ ਅਧੀਨ ਆਉਂਦੀ ਪੁਲੀਸ ਚੌਕੀ ਰਾਜੋਕੇ ਦੇ ਇੰਚਾਰਜ ਏਐੱਸਆਈ ਨਿਰਮਲ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਬੀਤੇ ਕੱਲ੍ਹ ਵਾਂ ਤਾਰਾ ਸਿੰਘ ਪਿੰਡ ਨੇੜਿਓਂ ਮੋਟਰਸਾਈਕਲ ’ਤੇ ਸਵਾਰ ਦੋ ਨਸ਼ਾ ਤਸਕਰਾਂ ਤੋਂ ਇੱਕ ਕਿੱਲੋ ਹੈਰੋਇਨ ਬਰਾਮਦ ਕੀਤੀ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਤਸਕਰਾਂ ਦੀ ਪਛਾਣ ਬਾਸਰਕੇ ਪਿੰਡ ਦੇ ਵਾਸੀ ਰਮਨ ਸਿੰਘ ਅਤੇ ਮੂਸੇ ਖੁਰਦ ਪਿੰਡ ਦੇ ਵਾਸੀ ਨਵਪ੍ਰੀਤ ਸਿੰਘ ਮੰਗਾ ਵਜੋਂ ਹੋਈ ਹੈ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਇਕ ਕਿੱਲੋ ਹੈਰੋਇਨ ਬਰਾਮਦ ਕਰਨ ਤੋਂ ਇਲਾਵਾ ਪੁਲੀਸ ਨੇ ਉਨ੍ਹਾਂ ਦਾ ਬਿਨਾਂ ਨੰਬਰ ਵਾਲਾ ਮੋਟਰਸਾਈਕਲ ਅਤੇ ਮੋਬਾਈਲ ਫੋਨ ਕਬਜ਼ੇ ਵਿੱਚ ਲਿਆ ਹੈ। ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।