ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਜੁਲਾਈ
ਪੰਜਾਬ ਪੁਲੀਸ ਨੇ ਪਾਕਿਸਤਾਨ ਸਪਾਂਸਰ ਡਰੱਗ ਅਤੇ ਗੈਰਕਾਨੂੰਨੀ ਹਥਿਆਰ ਸਮਗਲਿੰਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿੱਚ ਤਾਇਨਾਤ ਬੀਐਸਐੱਫ ਕਾਂਸਟੇਬਲ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਂਸਟੇਬਲ ਸੁਮਿਤ ਕੁਮਾਰ ਉਰਫ਼ ਨੋਨੀ ਕੋਲੋਂ ਨੌਂ ਐਮ ਐਮ ਦੀ ਇਕ ਪਿਸਤੌਲ, 80 ਕਾਰਤੂਸ, ਦੋ ਮੈਗਜ਼ੀਨਾਂ, 12 ਬੋਰ ਬੰਦੂਕ ਦੇ 2 ਕਾਰਤੂਸ ਅਤੇ 32.30 ਲੱਖ ਦੀ ਨਕਦੀ ਬਰਾਮਦ ਹੋਈ ਹੈ। ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਕਾਂਸਟੇਬਲ ਸੁਮਿਤ ਗੁਰਦਾਸਪੁਰ ਦੇ ਪਿੰਡ ਮਗਰ ਮੁਦੀਆਂ ਦਾ ਵਸਨੀਕ ਹੈ। ਉਸ ਨਾਲ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਸਿਮਰਜੀਤ ਸਿੰਘ ਊਰਫ ਸਿੰਮਾ, ਮਨਪ੍ਰੀਤ ਸਿੰਘ ਅਤੇ ਅਮਨਪ੍ਰੀਤ ਸਿੰਘ ਵਜੋਂ ਹੋਈ ਹੈ। ਇਹ ਤਿੰਨੇ ਧੀਰਪੁਰ ਪਿੰਡ ਦੇ ਵਸਨੀਕ ਹਨ ਤੇ ਇਨ੍ਹਾਂ ਖ਼ਿਲਾਫ਼ ਕਰਤਾਰਪੁਰ ਥਾਣੇ ਵਿੱਚ ਕਤਲ ਅਤੇ ਹੋਰਨਾਂ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਡੀਜੀਪੀ ਨੇ ਦੱਸਿਆ ਕਿ ਅਮਨਪ੍ਰੀਤ ਨੂੰ 11 ਜੁਲਾਈ ਨੂੰ ਜਗਜੀਤ ਕਤਲ ਕੇਸ ਵਿੱਚ ਜਲੰਧਰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ। ਜਾਂਚ ਦੌਰਾਨ ਅਮਨਪ੍ਰੀਤ ਨੇ ਮੰਨਿਆ ਕਿ ਉਹ ਅਤੇ ਉਸ ਦਾ ਭਰਾ ਭਾਰਤ ਪਾਕਿ ਸਰਹੱਦ ’ਤੇ ਨਸ਼ੇ ਅਤੇ ਹਥਿਆਰਾਂ ਦੀ ਸਮਗਲਿੰਗ ਲਈ ਪਾਕਿਸਤਾਨ ਦੇ ਸ਼ਾਹ ਮੂਸਾ ਦੇ ਸੰਪਰਕ ਵਿੱਚ ਸਨ। ਉਸ ਨੇ ਇਹ ਵੀ ਦੱਸਿਆ ਸੀ ਕਿ ਮਨਪ੍ਰੀਤ ਅਤੇ ਕਾਂਸਟੇਬਲ ਸਮਿਤ ਕੁਮਾਰ ਨੇ ਉਸ ਨੂੰ ਮੂਸਾ ਨਾਲ ਮਿਲਾਇਆ ਸੀ।