ਸ਼ਗਨ ਕਟਾਰੀਆ
ਬਠਿੰਡਾ, 26 ਅਕਤੂਬਰ
ਬਠਿੰਡਾ ਪੁਲੀਸ ਨੇ ਵੱਖ-ਵੱਖ ਮਾਮਲਿਆਂ ਵਿੱਚ 7 ਮੁਲਜ਼ਮ ਗ੍ਰਿਫ਼ਤਾਰ ਕੀਤੇ ਹਨ। ਇਨ੍ਹਾਂ ’ਚੋਂ 4 ਇਕ ਗਰੋਹ ਦੇ ਮੈਂਬਰ ਹਨ। ਦੋ ਵਿਅਕਤੀਆਂ ਤੋਂ ਕਾਰਤੂਸ ਵੀ ਮਿਲੇ ਹਨ। ਇਕ ਗ੍ਰਿਫ਼ਤਾਰੀ ਗੁਟਕਾ ਸਾਹਿਬ ਦੀ ਬੇਅਦਬੀ ਮਾਮਲੇ ’ਚ ਕੀਤੀ ਗਈ ਹੈ।
ਆਈਜੀ ਬਠਿੰਡਾ ਜਸਕਰਨ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜ਼ਰਾਇਮ ਪੇਸ਼ਾ ਗਰੋਹ ਦੇ ਕੁਝ ਵਿਅਕਤੀ ਮਲੋਟ ਤੋਂ ਬਠਿੰਡਾ ਵੱਲ ਆ ਰਹੇ ਹਨ। ਸੂਚਨਾ ਮਿਲਣ ਮਗਰੋਂ ਕਾਰਵਾਈ ਕਰਦਿਆਂ ਪੁਲੀਸ ਨੇ 4 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਮਨੋਜ ਕੁਮਾਰ ਉਰਫ ਗੱਬਰ ਵਾਸੀ ਗੰਗਾਨਗਰ, ਰਵਿੰਦਰ ਸਿੰਘ ਉਰਫ਼ ਰਵੀ ਅਤੇ ਆਕਾਸ਼ ਸਿੰਘ ਦੋਨੋਂ ਵਾਸੀ ਜੋਧਪੁਰ (ਰਾਜਸਥਾਨ) ਅਤੇ ਜਗਦੀਪ ਸਿੰਘ ਉਰਫ਼ ਸੋਨੀ ਵਾਸੀ ਤੁੰਗਵਾਲੀ ਵਜੋਂ ਹੋਈ। ਚਾਰਾਂ ਕੋੋਲੋਂ 32 ਬੋਰ ਦਾ ਇਕ-ਇਕ ਪਿਸਤੌਲ ਅਤੇ 5-5 ਕਾਰਤੂਸ ਬਰਾਮਦ ਕੀਤੇ ਗਏ। ਜਿਸ ਕਾਰ ’ਤੇ ਇਹ ਸਵਾਰ ਸਨ, ਉਸ ’ਚੋਂ ਵੀ 3 ਦੇਸੀ ਕੱਟੇ ਮਿਲੇ ਹਨ। ਤਿੰੰਨ ਰੋਜ਼ਾ ਪੁਲੀਸ ਰਿਮਾਂਡ ਦੌਰਾਨ ਇਨ੍ਹਾਂ ਕੋਲੋਂ ਇਕ ਪਿਸਤੌਲ ਅਤੇ ਇਕ ਗੱਡੀ ਗੱਡੀ ਵੀ ਬਰਾਮਦ ਹੋਈ ਹੈ। ਆਈਜੀ ਨੇ ਦੱਸਿਆ ਕਿ ਮਨੋਜ ਕੁਮਾਰ ਉਰਫ ਗੱਬਰ ’ਤੇ ਰਾਜਸਥਾਨ ਵਿਚ 15 ਦੇ ਕਰੀਬ ਮੁਕੱਦਮੇ ਦਰਜ ਹਨ। ਇਹ ਜੌਰਡਨ ਗਰੁੱਪ ਦਾ ਸਰਗਨਾ ਅਤੇ ‘ਬੀ’ ਕੈਟਾਗਰੀ ਦਾ ਗੈਂਗਸਟਰ ਹੈ।
ਇਕ ਵੱਖਰੇ ਮਾਮਲੇ ’ਚ ਸੀਆਈਏ-1 ਬਠਿੰਡਾ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਭਾਟੀ ਦੀ ਅਗਵਾਈ ’ਚ ਏਐੱਸਆਈ ਮੁਕੰਦ ਸਿੰਘ ਦੀ ਟੀਮ ਨੇ ਮੋਗਾ ਜ਼ਿਲ੍ਹੇ ਦੇ ਮੂਲ ਨਿਵਾਸੀਆਂ ਰਾਜਵਿੰਦਰ ਸਿੰਘ ਉਰਫ਼ ਰਾਜੂ ਅਤੇ ਨਿਸ਼ਾਨ ਸਿੰਘ ਨੂੰ ਮੋਟਰਸਾਈਕਲ ਸਮੇਤ ਹਿਰਾਸਤ ’ਚ ਲਿਆ ਹੈ। ਰਾਜਵਿੰਦਰ ਕੋਲੋਂ ਰਿਵਾਲਵਰ ਸਮੇਤ 5 ਕਾਰਤੂਸ ਅਤੇ ਨਿਸ਼ਾਨ ਸਿੰਘ ਕੋਲੋਂ 10 ਕਾਰਤੂਸ ਮਿਲੇ ਹਨ।
ਇਸ ਤੋਂ ਇਲਾਵਾ ਆਈਜੀ ਨੇ ਪਿੰਡ ਦੁੱਲੇਵਾਲਾ ’ਚ 20 ਅਕਤੂਬਰ ਨੂੰ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਖੁਲਾਸਾ ਵੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪਿੰਡ ਦੁੱਲੇਵਾਲਾ ਦੇ ਗੁਰਦੁਆਰੇ ਵਿਚ ਲੱਗੇ ਸੀਸੀਟੀਵੀ ਦੀ ਫੁਟੇਜ ਘੋਖਣ ’ਤੇ ਅੰਮ੍ਰਿਤਪਾਲ ਸਿੰਘ ਵਾਸੀ ਦੁੱਲੇਵਾਲਾ ’ਤੇ ਸ਼ੱਕ ਹੋਇਆ। ਇਸ ਦੌਰਾਨ ਸਖ਼ਤੀ ਨਾਲ ਪੁੱਛਗਿੱਛ ਕਰਨ ’ਤੇ ਮੁਲਜ਼ਮ ਨੇ ਆਪਣੀ ਗ਼ਲਤੀ ਪੰਚਾਇਤ ਸਾਹਮਣੇ ਕਬੂਲ ਕਰ ਲਈ।
ਬਾਰਡਰ ਰੇਂਜ ਪੁਲੀਸ ਵੱਲੋਂ ਗੈਂਗਸਟਰ ਗਰੋਹ ਦੇ ਤਿੰਨ ਮੈਂਬਰ ਕਾਬੂ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਬਾਰਡਰ ਰੇਂਜ ਪੁਲੀਸ ਨੇ ਪਾਕਿਸਤਾਨ ਤੋਂ ਆਈ 22 ਕਿਲੋ ਹੈਰੋਇਨ, ਸਹਿਕਾਰੀ ਬੈਂਕ ਵਿਚ ਡਕੈਤੀ ਅਤੇ ਹੋਰ ਕਈ ਮਾਮਲਿਆਂ ਵਿਚ ਲੋੜੀਂਦੇ ਇਕ ਗੈਂਗਸਟਰ ਗਰੋਹ ਦੇ ਤਿੰਨ ਮੈਂਬਰਾਂ ਨੂੰ ਅੱਜ ਚੌੜਾ ਚੌਕ ਤੋਂ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਇੱਕ ਕਾਰ, ਤਿੰਨ ਪਿਸਤੌਲ, ਕਾਰਤੂਸ ਅਤੇ ਨਕਦੀ ਬਰਾਮਦ ਕੀਤੀ ਗਈ ਹੈ। ਬਾਰਡਰ ਰੇਂਜ ਦੇ ਆਈਜੀ ਐੱਸਪੀਐੱਸ ਪਰਮਾਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਗਰੋਹ ਵਿਚ ਗੈਂਗਸਟਰ ਸੁਖਦੀਪ ਸਿੰਘ ਉਰਫ ਘੁੱਦਾ, ਹਰਵਿੰਦਰ ਸਿੰਘ ਦੋਧੀ ਵਾਸੀ ਪਿੰਡ ਮੁਰਾਦਪੁਰਾ ਅਤੇ ਹਰਜੀਤ ਸਿੰਘ ਜੀਤਾ ਸ਼ਾਮਲ ਹਨ। ਇਨ੍ਹਾਂ ਕੋਲੋਂ ਦੋ ਪਿਸਤੌਲ 32 ਬੋਰ, ਇਕ ਪਿਸਤੌਲ 30 ਬੋਰ, ਕਾਰਤੂਸ, ਇਕ ਕਾਰ ਅਤੇ 40 ਹਜ਼ਾਰ ਰੁਪਏ ਨਕਦੀ ਬਰਾਮਦ ਕੀਤੀ ਗਈ ਹੈ। ਫਿਲਹਾਲ ਇਨ੍ਹਾਂ ਦੇ ਦੋ ਸਾਥੀ ਫਰਾਰ ਹਨ, ਜਿਨ੍ਹਾਂ ਨੂੰ ਕਾਬੂ ਕਰਨ ਲਈ ਪੁਲੀਸ ਛਾਪੇ ਮਾਰ ਰਹੀ ਹੈ। ਆਈਜੀ ਨੇ ਦੱਸਿਆ ਕਿ ਇਨ੍ਹਾਂ ਖ਼ਿਲਾਫ਼ ਪਾਕਿਸਤਾਨ ਤੋਂ ਆਈ ਹੈਰੋਇਨ ਤੋਂ ਇਲਾਵਾ ਗੁਰਦਾਸਪੁਰ ਦੇ ਪਿੰਡ ਰੁਡਿਆਣਾ ਦੇ ਸਹਿਕਾਰੀ ਬੈਂਕ ਵਿੱਚ ਡਕੈਤੀ ਦਾ ਮਾਮਲਾ ਵੀ ਦਰਜ ਹੈ।
ਮਿਜ਼ੋਰਮ ਦੀ ਔਰਤ ਕਿਲੋ ਹੈਰੋਇਨ ਸਣੇ ਗ੍ਰਿਫ਼ਤਾਰ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਸ਼ਹਿਰ ਵਿੱਚ ਨਾਕੇ ਲਗਾ ਕੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਨੂੰ ਜਾਰੀ ਰੱਖਦਿਆਂ ਕਮਿਸ਼ਨਰੇਟ ਪੁਲੀਸ ਨੇ ਅੱਜ ਗੜ੍ਹਾ ਰੋਡ ਨੇੜੇ ਪਿਮਸ ਹਸਪਤਾਲ ’ਚ ਮਿਜ਼ੋਰਮ ਨਾਲ ਸਬੰਧਤ ਮਹਿਲਾ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਇਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਮਹਿਲਾ ਦੀ ਪਛਾਣ ਲਾਲਰੀਮਾਵੀ (19) ਮੂਲ ਵਾਸੀ ਐਜ਼ਾਲ ਅਤੇ ਹਾਲ ਵਾਸੀ ਦਿੱਲੀ ਵਜੋਂ ਹੋਈ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਪਿਮਸ ਹਸਪਤਾਲ ਨੇੜੇ ਐੱਸਐੱਚਓ ਥਾਣਾ ਡਿਵੀਜ਼ਨ ਨੰਬਰ 7 ਰਮਨਦੀਪ ਸਿੰਘ ਨੇ ਮਹਿਲਾ ਪੁਲੀਸ ਕਰਮੀਆਂ ਨਾਲ ਉਕਤ ਮਹਿਲਾ ਦੀ ਤਾਲਾਸ਼ੀ ਲਈ ਤਾਂ ਉਸ ਤੋਂ ਇਕ ਕਿਲੋ ਹੈਰੋਇਨ ਬਰਾਮਦ ਹੋਈ। ਇਸ ਮਗਰੋਂ ਉਸ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ ਗਿਆ। ਮਹਿਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।