ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 9 ਅਕਤੂਬਰ
ਸਰਹੱਦੀ ਪਿੰਡ ਟੇਂਡੀ ਵਾਲਾ ਦੇ ਵਸਨੀਕ ਹੰਸਾ ਸਿੰਘ ਨੂੰ ਸਰਹੱਦ ਲੰਘ ਕੇ ਪਾਕਿਸਤਾਲ ਵੱਲ ਜਾਣ ਮਗਰੋਂ ਪਾਕਿਸਤਾਨੀ ਰੇਂਜਰਾਂ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਕੰਪੋਜ਼ਿਟ ਟਾਸਕ ਫ਼ੋਰਸ 7 ਇਨਫ਼ੈਂਟਰੀ ਡਿਵੀਜ਼ਨ ਦੇ ਕਮਾਂਡਿੰਗ ਅਫ਼ਸਰ ਨੇ ਥਾਣਾ ਸਦਰ ਪੁਲੀਸ ਨੂੰ ਦਿੱਤੀ। ਇਸ ਅਫ਼ਸਰ ਨੂੰ ਜਾਣਕਾਰੀ ਮਿਲੀ ਸੀ ਕਿ ਸਰਹੱਦ ’ਤੇ ਬਣੇ ਫੌਜ ਦੇ ਬੰਨ੍ਹ ’ਤੇ ਇੱਕ ਪਰਿਵਾਰ ਨੇ ਕਬਜ਼ਾ ਕਰ ਕੇ ਦੋ ਪੱਕੇ ਕਮਰੇ ਬਣਾ ਲਏ ਹਨ ਤੇ ਉਨ੍ਹਾਂ ਫੌਜ ਦੇ ਮੋਰਚਿਆਂ ਵਿੱਚ ਆਪਣੇ ਪਸ਼ੂ ਬੰਨ੍ਹ ਲਏ ਹਨ। ਉਕਤ ਪਰਿਵਾਰ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ, ਪਰ ਉਨ੍ਹਾਂ ਕਮਰੇ ਢਾਹੁਣ ਅਤੇ ਮੋਰਚੇ ਖਾਲੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਮਗਰੋਂ ਫੌਜ ਨੂੰ ਸੂਚਨਾ ਮਿਲੀ ਕਿ ਇਸੇ ਪਰਿਵਾਰ ’ਚੋਂ ਹੰਸਾ ਸਿੰਘ ਨਾਂ ਦਾ ਇੱਕ ਵਿਅਕਤੀ ਸਰਹੱਦ ਟੱਪ ਕੇ ਪਾਕਿਸਤਾਨ ਚਲਾ ਗਿਆ ਹੈ। ਇਸ ਮਗਰੋਂ ਥਾਣਾ ਸਦਰ ਪੁਲੀਸ ਨੇ ਚਾਰ ਭਰਾਵਾਂ ਬਲਜੀਤ ਸਿੰਘ, ਅਜੀਤ ਸਿੰਘ, ਹੰਸਾ ਸਿੰਘ ਤੇ ਹਰਬੰਸ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।