ਫ਼ਤਹਿਗੜ੍ਹ ਸਾਹਿਬ (ਅਜੇ ਮਲਹੋਤਰਾ/ਹਿਮਾਂਸ਼ੂ ਸੂਦ): ਕਰੋਨਾ ਦੀ ਬਿਮਾਰੀ ਦੇ ਨਾਲ ਬਲੈਕ ਫੰਗਸ ਨੇ ਵੀ ਲੋਕਾਂ ਨੂੰ ਆਪਣੀ ਲਪੇਟ ’ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਜ਼ਿਲਾ ਫ਼ਤਹਿਗੜ੍ਹ ਸਾਹਿਬ ਵਿੱਚ ਵੀ ਬਲੈਕ ਫੰਗਸ ਦੇ ਚਾਰ ਮਾਮਲੇ ਸਾਹਮਣੇ ਆਉਣ ਦਾ ਸਮਾਚਾਰ ਹੈ। ਇਸ ਸਬੰਧੀ ਜਦੋਂ ਸਿਵਲ ਸਰਜਨ (ਫ਼ਤਹਿਗੜ੍ਹ ਸਾਹਿਬ) ਡਾ. ਮੋਹਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਨਾਂ ਮਾਮਲਿਆਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ’ਚ ਇਸ ਰੋਗ ਨਾਲ ਸਬੰਧਤ ਚਾਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ਵਿੱਚੋਂ ਮੰਡੀ ਗੋਬਿੰਦਗੜ੍ਹ ਦੀ ਵਸਨੀਕ 54 ਸਾਲਾਂ ਦੀ ਔਰਤ ਦੀ ਦਿਆਨੰਦ ਹਸਪਤਾਲ ਲੁਧਿਆਣਾ ਵਿੱਚ ਅਤੇ ਅਮਲੋਹ ਦੇ ਵਸਨੀਕ 52 ਸਾਲਾਂ ਦੇ ਮਰੀਜ਼ ਦੀ ਪੀਜੀਆਈ ਚੰਡੀਗੜ੍ਹ ਵਿੱਚ ਮੌਤ ਹੋ ਗਈ ਹੈ। ਇਨ੍ਹਾਂ ਤੋਂ ਇਲਾਵਾ ਬਲੈਕ ਫੰਗਸ ਤੋਂ ਪੀੜਤ ਖਮਾਣੋਂ ਦੇ 55 ਸਾਲਾਂ ਦੇ ਮਰੀਜ਼ ਦਾ ਫੋਰਟਿਸ ਹਸਪਤਾਲ ਮੁਹਾਲੀ ਵਿੱਚ ਅਤੇ 55 ਸਾਲਾਂ ਦੇ ਮਰੀਜ਼ ਦਾ ਪੀਜੀਆਈ ਚੰਡੀਗੜ੍ਹ ਵਿੱਚ ਇਲਾਜ ਚੱਲ ਰਿਹਾ ਹੈ।