ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 2 ਜੂਨ
ਮੁੰਬਈ ਤੋਂ ਫ਼ਿਰੋਜ਼ਪੁਰ ਆਉਣ ਵਾਲੀ ਯਾਤਰੀ ਰੇਲਗੱਡੀ ਪੰਜਾਬ ਮੇਲ ’ਤੇ ਚੜ੍ਹੇ ਇੱਕੋ ਪਰਿਵਾਰ ਦੇ ਚਾਰ ਬੱਚੇ ਕਿਧਰੇ ਗੁਆਚ ਗਏ ਹਨ। ਇਹ ਬੱਚੇ 26 ਮਈ ਨੂੰ ਮੁੰਬਈ ਦੇ ਕਲਿਆਣ ਰੇਲਵੇ ਸਟੇਸ਼ਨ ਤੋਂ ਆਪਣੀ ਮਤਰੇਈ ਮਾਂ ਨਾਲ ਪੰਜਾਬ ਮੇਲ ’ਤੇ ਚੜ੍ਹੇ ਸਨ, ਪਰ ਇਨ੍ਹਾਂ ਦੀ ਮਾਂ ਬੱਚਿਆਂ ਨੂੰ ਰੇਲਗੱਡੀ ਵਿੱਚ ਇਕੱਲੇ ਛੱਡ ਕੇ ਖਾਂਡਵਾ ਰੇਲਵੇ ਸਟੇਸ਼ਨ ਤੋਂ ਵਾਪਸ ਮੁੰਬਈ ਚਲੀ ਗਈ। ਇਨ੍ਹਾਂ ਬੱਚਿਆਂ ਦਾ ਹਾਲੇ ਤੱਕ ਕੋਈ ਸੁਰਾਗ ਨਹੀਂ ਲੱਗਾ ਹੈ। ਰੇਲਵੇ ਪੁਲੀਸ ਦੇ ਸਥਾਨਕ ਅਧਿਕਾਰੀਆਂ ਨੇ ਅੱਜ ਮੀਡੀਆ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਗੁਆਚੇ ਬੱਚਿਆਂ ਦੀ ਭਾਲ ਕਰਨ ਵਿੱਚ ਮਦਦ ਮੰਗੀ ਹੈ। ਇਨ੍ਹਾਂ ਬੱਚਿਆਂ ਦੇ ਨਾਂ ਆਰੀਆ ਤਿਵਾੜੀ (18), ਅਨੁਸ਼ਕਾ ਤਿਵਾੜੀ (15), ਭਾਵੇਸ਼ ਤਿਵਾੜੀ (11) ਅਤੇ ਕੁਮੁਦ ਤਿਵਾੜੀ (8) ਦੱਸੇ ਜਾ ਰਹੇ ਹਨ। ਇਸ ਮਾਮਲੇ ਦੀ ਜਾਂਚ ਕ੍ਰਾਈਮ ਬਰਾਂਚ ਮੁੰਬਈ ਕਰ ਰਹੀ ਹੈ।