ਸੁਰਿੰਦਰ ਸਿੰਘ ਗੁਰਾਇਆ
ਟਾਂਡਾ, 29 ਜੂਨ
ਇਥੇ ਟਾਂਡਾ-ਹੁਸ਼ਿਆਰਪੁਰ ਮੁੱਖ ਮਾਰਗ ’ਤੇ ਅੱਜ ਸਵੇਰੇ ਢੱਟਾਂ ਪੁਲੀ ਨੇੜੇ ਟਰਾਲੇ ਤੇ ਇਨੋਵਾ ਦੀ ਟੱਕਰ ਕਾਰਨ ਤਿੰਨ ਸਾਲਾ ਬੱਚੇ ਸਮੇਤ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ ਜਦਕਿ ਇੱਕ ਔਰਤ ਨੂੰ ਗੰਭੀਰ ਹਾਲਤ ਵਿੱਚ ਸਰਕਾਰੀ ਹਸਪਤਾਲ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਇਨੋਵਾ ਚਕਨਾਚੂਰ ਹੋ ਗਈ। ਮ੍ਰਿਤਕਾਂ ਵਿੱਚ ਦੋ ਵਿਅਕਤੀ, ਇੱਕ ਔਰਤ ਤੇ ਤਿੰਨ ਸਾਲ ਦਾ ਬੱਚਾ ਸ਼ਾਮਲ ਹੈ। ਹਾਦਸੇ ਮਗਰੋਂ ਟਰਾਲੇ ਦਾ ਡਰਾਈਵਰ ਤੇ ਕੰਡਕਟਰ ਮੌਕੇ ਤੋਂ ਫ਼ਰਾਰ ਹੋ ਗਏ। ਮੌਕੇ ’ਤੇ ਪਹੁੰਚੇ ਏਐੱਸਆਈ ਰਾਜੇਸ਼ ਕੁਮਾਰ ਨੇ ਸਰਕਾਰੀ ਐਂਬੂਲੈਂਸ ਤੇ ਸੜਕ ਸੁਰੱਖਿਆ ਫੋਰਸ ਦੀ ਮਦਦ ਨਾਲ ਮ੍ਰਿਤਕਾਂ ’ਚੋਂ ਦੋ ਦੀਆਂ ਲਾਸ਼ਾਂ ਸਰਕਾਰੀ ਹਸਪਤਾਲ ਦਸੂਹਾ ਤੇ ਦੋ ਹੋਰਨਾਂ ਦੀਆਂ ਟਾਂਡਾ ਦੇ ਰੰਗੀ ਰਾਮ ਚੈਰੀਟੇਬਲ ਹਸਪਤਾਲ ਵਿਚ ਰਖਵਾ ਦਿੱਤੀਆਂ ਹਨ। ਜ਼ਖ਼ਮੀ ਔਰਤ ਨੂੰ ਸਰਕਾਰੀ ਹਸਪਤਾਲ ਟਾਂਡਾ ਵਿਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸਰਕਾਰੀ ਹਸਪਤਾਲ ਅੰਮ੍ਰਿਤਸਰ ਭੇਜ ਦਿੱਤਾ ਹੈ।