ਸ਼ਗਨ ਕਟਾਰੀਆ
ਬਠਿੰਡਾ, 9 ਸਤੰਬਰ
ਬਠਿੰਡਾ ਪੁਲੀਸ ਨੇ ਵਿਦੇਸ਼ ’ਚ ਰਹਿੰਦੇ ਗੈਂਗਸਟਰ ਗੋਪੀ ਲਾਹੌਰੀਏ ਦੇ ਨਾਂ ’ਤੇ 50 ਲੱਖ ਰੁਪਏ ਦੀ ਕਥਿਤ ਫਿਰੌਤੀ ਮੰਗਣ ਵਾਲੇ ਚਾਰ ਮੁਲਜ਼ਮਾਂ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਚਾਰੇ ਮੁਲਜ਼ਮ ਮੋਗਾ ਸ਼ਹਿਰ ਨਾਲ ਸਬੰਧਤ ਹਨ। ਬਠਿੰਡਾ ਦੇ ਸੀਨੀਅਰ ਪੁਲੀਸ ਕਪਤਾਨ ਅਮਨੀਤ ਕੌਂਡਲ ਨੇ ਦੱਸਿਆ ਕਿ 5 ਸਤੰਬਰ ਨੂੰ ਜ਼ਿਲ੍ਹਾ ਬਠਿੰਡਾ ਦੇ ਇੱਕ ਵਪਾਰੀ ਨੂੰ ਉਸ ਦੇ ਮੋਬਾਈਲ ’ਤੇ ਅਣਜਾਣ ਵਿਦੇਸ਼ੀ ਨੰਬਰਾਂ ਤੋਂ ਫਿਰੌਤੀ ਦੇ ਫੋਨ ਆਏ ਸਨ। ਗੱਲ ਕਰਨ ਵਾਲੇ ਨੇ ਖੁਦ ਨੂੰ ਗੋਪੀ ਲਾਹੌਰੀਆ ਦੱਸ ਕੇ ਵਪਾਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਇਸ ਸਬੰਧੀ ਮੁਦੱਈ ਦੀ ਸ਼ਿਕਾਇਤ ’ਤੇ ਥਾਣਾ ਤਲਵੰਡੀ ਸਾਬੋ ਵਿੱਚ 6 ਸਤੰਬਰ ਨੂੰ ਕੇਸ ਦਰਜ ਕੀਤਾ ਗਿਆ ਸੀ।
ਐੱਸਐੱਸਪੀ ਨੇ ਦੱਸਿਆ ਕਿ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਬਠਿੰਡਾ ਦੇ ਡੀਐੱਸਪੀ (ਇਨਵੈਸਟੀਗੇਸ਼ਨ) ਰਾਜੇਸ਼ ਸ਼ਰਮਾ ਅਤੇ ਸੀਆਈਏ ਬਠਿੰਡਾ-2 ਦੇ ਅਧਿਕਾਰੀਆਂ ਨੇ ਫੋਕਲ ਪੁਆਇੰਟ ਇੰਡਸਟਰੀਅਲ ਏਰੀਏ ਕੋਲੋਂ ਸਾਹਿਲ ਸ਼ਰਮਾ ਉਰਫ਼ ਸ਼ਾਲੂ ਅਤੇ ਅਸ਼ੋਕ ਕੁਮਾਰ ਉਰਫ਼ ਕਾਟੋ ਨੂੰ ਕਾਬੂ ਕਰ ਲਿਆ। ਦੋਵਾਂ ਕੋਲੋਂ ਪਿਸਤੌਲ, ਅਸਲਾ ਤੇ ਮੋਬਾਈਲ ਬਰਾਮਦ ਹੋਇਆ। ਇਸੇ ਤਰ੍ਹਾਂ ਜੱਸੀ ਪੌ ਵਾਲੀ ਚੌਕ ਨੇੜਿਓਂ ਮਨੀਸ਼ ਕੁਮਾਰ ਉਰਫ਼ ਮੋਹਿਤ ਅਤੇ ਕੁਲਦੀਪ ਸਿੰਘ ਉਰਫ਼ ਖੰਡਾ ਨੂੰ ਦੋ ਮੋਬਾਈਲਾਂ ਸਣੇ ਹਿਰਾਸਤ ’ਚ ਲਿਆ ਗਿਆ ਹੈ।
ਪੁੱਛ-ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਚਾਰੇ ਮੁਲਜ਼ਮ ਗੈਂਗਸਟਰ ਦਵਿੰਦਰਪਾਲ ਸਿੰਘ ਉਰਫ਼ ਗੋਪੀ ਲਾਹੌਰੀਆ ਵਾਸੀ ਮੋਗਾ ਲਈ ਕੰਮ ਕਰਦੇ ਹਨ ਅਤੇ ਬਠਿੰਡਾ ਵੀ ਉਹ ਫਿਰੌਤੀ ਲੈਣ ਹੀ ਆਏ ਸਨ। ਉਨ੍ਹਾਂ ਦੱਸਿਆ ਕਿ ਗੋਪੀ ਲਾਹੌਰੀਆ ਪਿਛਲੇ ਕਰੀਬ ਦੋ ਸਾਲਾਂ ਤੋਂ ਕੈਨੇਡਾ ਰਹਿ ਰਿਹਾ ਹੈ, ਜਿੱਥੋਂ ਉਹ ਵਿਦੇਸ਼ੀ ਨੰਬਰਾਂ ਰਾਹੀਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਨਾਮਵਰ ਵਿਅਕਤੀਆਂ ਨੂੰ ਫਿਰੌਤੀ ਲਈ ਫੋਨ ਕਰਦਾ ਹੈ।