ਪੱਤਰ ਪ੍ਰੇਰਕ
ਅਜਨਾਲਾ, 1 ਦਸੰਬਰ
ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਤਾਇਨਾਤ ਬੀਐੱਸਐੱਫ ਦੀ ਪੋਸਟ ਪੁਰਾਣਾ ਸੁੰਦਰਗੜ੍ਹ ਨੇੜੇ ਅੱਜ ਸਵੇਰੇ ਤਲਾਸ਼ੀ ਮੁਹਿੰਮ ਦੌਰਾਨ ਚਾਰ ਪੈਕੇਟ ਹੈਰੋਇਨ ਬਰਾਮਦ ਹੋਈ। ਜਾਣਕਾਰੀ ਅਨੁਸਾਰ ਬੀਐੱਸਐੱਫ ਦੀ ਚੌਕੀ ਪੁਰਾਣਾ ਸੁੰਦਰਗੜ੍ਹ (ਥਾਣਾ ਅਜਨਾਲਾ) ਕੋਲ ਸਰਹੱਦ ’ਤੇ ਬੀਤੀ ਰਾਤ ਜਵਾਨਾਂ ਨੂੰ ਕਰੀਬ ਸਵਾ ਬਾਰ੍ਹਾਂ ਵਜੇ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਬੀਐੱਸਐੱਫ ਜਵਾਨਾਂ ਨੇ ਪੰਜ ਫਾਇਰ ਕੀਤੇ, ਜਿਸ ਦੌਰਾਨ ਡਰੋਨ ਵਾਪਸ ਚਲਾ ਗਿਆ। ਅੱਜ ਸਵੇਰੇ ਬੀਐੱਸਐੱਫ ਦੀ 183 ਬਟਾਲੀਅਨ ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਵਿੱਢੀ ਤਾਂ ਭਾਰਤ ਵਾਲੇ ਪਾਸੇ ਤੋਂ ਚਾਰ ਪੈਕੇਟ ਹੈਰੋਇਨ ਬਰਾਮਦ ਹੋਈ। ਥਾਣਾ ਅਜਨਾਲਾ ਦੇ ਐੱਸਐੱਚਓ ਨੇ ਦੱਸਿਆ ਕਿ ਬਰਾਮਦ ਕੀਤੀ ਗਈ ਚਾਰ ਪੈਕੇਟ ਹੈਰੋਇਨ ਦਾ ਵਜ਼ਨ 3 ਕਿਲੋ, 640 ਗ੍ਰਾਮ ਸੀ ਅਤੇ ਇਸ ਸਬੰਧੀ ਬੀਐੱਸਐੱਫ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।