ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਅਗਸਤ
ਕਾਂਗਰਸ ਵੱਲੋਂ ਆਪਣੀ ਸਰਕਾਰ ਦੇ ਪਿਛਲੇ ਸਮੇਂ ਦੌਰਾਨ ਪੰਜਾਬ ਭਰ ਦੀਆਂ ਸਮੂਹ ਮਹਿਲਾਵਾਂ ਲਈ ਸ਼ੁਰੂ ਕੀਤੀ ਗਈ ਮੁਫ਼ਤ ਬੱੱਸ ਸਫਰ ਦੀ ਸਹੂਲਤ ਭਾਵੇਂ ਕਿ ਮਹਿਲਾਵਾਂ ਦੇ ਤਾਂ ਰਾਸ ਆ ਰਹੀ ਹੈ, ਪਰ ਪੀਆਰਟੀਸੀ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਇਹ ਸਹੂਲਤ ਸਰਾਪ ਬਣ ਗਈ ਹੈ ਕਿਉਂਕਿ ਸਰਕਾਰ ਵੱਲੋਂ ਬਣਦੇ ਕਿਰਾਏ ਦੀ ਭਰਪਾਈ ਨਾ ਕੀਤੇ ਜਾਣ ਕਾਰਨ ਮੁਲਾਜ਼ਮਾਂ ਨੂੰ ਤਨਖਾਹਾਂ ਅਤੇ ਪੈਨਸ਼ਨਾਂ ਵੀ ਨਸੀਬ ਨਹੀਂ ਹੋ ਰਹੀਆਂ। ਨਵੀਂ ਬਣੀ ‘ਆਪ’ ਸਰਕਾਰ ਨੇ ਤਾਂ ਹੁਣ ਤੱਕ ਇਸ ਸਬੰਧੀ ਇੱਕ ਵੀ ਕਿਸ਼ਤ ਨਹੀਂ ਚੁਕਾਈ ਜਿਸ ਕਾਰਨ ਸਰਕਾਰ ਵੱਲੋਂ ਪੀਆਰਟੀਸੀ ਦਾ ਬਕਇਆ 175 ਕਰੋੜ ਹੋ ਗਿਆ ਹੈ। ਇਸ ਦਾ ਗੰਭੀਰ ਨੋਟਿਸ ਲੈਂਦਿਆਂ ਮੁਲਾਜ਼ਮਾਂ ਵੱਲੋਂ ਧਰਨੇ ਮੁਜ਼ਾਹਰੇ ਵੀ ਕੀਤੇ ਜਾਣ ਲੱਗੇ ਹਨ। ਜ਼ਿਕਰਯੋਗ ਹੈ ਕਿ ਇਹ ਸਹੂਲਤ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਸੀ ਜਿਸ ਨੂੰ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਵੀ ਜਾਰੀ ਰੱਖਿਆ। ਵਾਅਦੇ ਮੁਤਾਬਿਕ ਇਸ ਸਬੰਧੀ ਬਣਨ ਵਾਲੇ ਕਿਰਾਏ ਦਾ ਭੁਗਤਾਨ ਸਰਕਾਰ ਵੱਲੋਂ ਕੀਤਾ ਜਾਣਾ ਹੈ ਤੇ ਕਾਂਗਰਸ ਦੌਰਾਨ ਭਾਵੇਂ ਅੱਗੋਂ-ਪਿੱਛੋਂ ਹੀ ਸਹੀ ਇਸ ਦੀ ਕੁਝ ਨਾ ਕੁਝ ਭਰਪਾਈ ਹੁੰਦੀ ਰਹੀ ਹੈ ਪਰ ‘ਆਪ’ ਸਰਕਾਰ ਵੱਲੋਂ ਸੱਤਾ ਸੰਭਾਲਣ ਮਗਰੋਂ ਬਣਦੇ ਕਿਰਾਏ ਦਾ ਭੁਗਤਾਨ ਨਹੀਂ ਕੀਤਾ ਜਾ ਸਕਿਆ ਜਿਸ ਕਾਰਨ ਆਰਥਿਕ ਸੰਕਟ ਨਾਲ ਜੂਝ ਰਹੇ ਪੀਆਰਟੀਸੀ ਵੱਲੋਂ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਤਨਖਾਹਾਂ ਅਤੇ ਪੈਨਸ਼ਨਾਂ ਦੇਣੀਆਂ ਵੀ ਮੁਸ਼ਕਲ ਹੋ ਗਈਆਂ ਹਨ। ਹੁਣ ਜਦੋਂ ਅਗਸਤ ਮਹੀਨਾ ਵੀ ਖਤਮ ਹੋਣ ਨੂੰ ਆ ਗਿਆ ਹੈ ਤਾਂ ਪਿਛਲੇ ਮਹੀਨੇ ਜੁਲਾਈ ਦੀ ਤਨਖਾਹ ਵੀ ਮੁਲਾਜ਼ਮਾਂ ਨੂੰ ਅਜੇ ਤੱਕ ਨਹੀਂ ਮਿਲੀ।
ਵੇਰਵਿਆਂ ਅਨੁਸਾਰ ਪੀਆਰਟੀਸੀ ਦਾ ਰੋਜ਼ਾਨਾ ਦਾ ਮਾਲੀਆ 2 ਕਰੋੜ 10 ਲੱਖ ਹੈ ਜਿਸ ਵਿੱਚੋਂ ਕਰੀਬ ਇੱਕ ਕਰੋੜ ਮਹਿਲਾਵਾਂ ਦੇ ਸਫਰ ਦਾ ਕਿਰਾਇਆ ਬਣ ਜਾਂਦਾ ਹੈ। 90 ਲੱਖ ਦਾ ਡੀਜ਼ਲ, ਜਦਕਿ 25 ਕਰੋੜ ਰੁਪਏ ਤਨਖਾਹਾਂ ਅਤੇ ਪੈਨਸ਼ਨਾਂ ’ਤੇ ਖਰਚ ਹੁੰਦੇ ਹਨ। ਬੱਸਾਂ ਦੇ ਟੈਕਸ ਅਤੇ ਹੋਰ ਖਰਚੇ ਵੱਖਰੇ ਹਨ। ਮਹਿਕਮੇ ਅਨੁਸਾਰ ਜੇਕਰ ਇਸ ਮੁਫ਼ਤ ਬੱਸ ਸਫਰ ਸਬੰਧੀ ਬਣਦੇ ਕਿਰਾਏ ਦੀ ਅਦਾਇਗੀ ਹਰ ਮਹੀਨੇ ਸਮੇਂ ਸਿਰ ਕੀਤੀ ਜਾਵੇ ਤਾਂ ਉਹ ਤਨਖਾਹਾਂ ਸਮੇਤ ਆਪਣੇ ਹੋਰ ਖਰਚਿਆਂ ਦੀ ਅਦਾਇਗੀ ਵੀ ਸੁਚੱਜੇ ਢੰਗ ਨਾਲ ਕਰ ਸਕਣਗੇ।
ਕਿਰਾਇਆਂ ਦਾ ਭੁਗਤਾਨ ਜਲਦੀ ਹੋਵੇ: ਮੁਲਾਜ਼ਮ ਆਗੂ
ਪੀਆਰਟੀਸੀ ਮੁਲਾਜ਼ਮ ਐਕਸ਼ਨ ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਧਾਲੀਵਾਲ, ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਚੰਨਣ ਸਿੰਘ ਕੰਗਣਵਾਲ, ਬੁਲਾਰੇ ਹਰੀ ਸਿੰਘ ਚਮਕ ਅਤੇ ਹੋਰਾਂ ਨੇ ਸਰਕਾਰ ਤੋਂ ਇਨ੍ਹਾਂ ਬਕਾਇਆਂ ਦਾ ਤੁਰੰਤ ਭੁਗਤਾਨ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਹਿਲਾਵਾਂ ਦੇ ਮੁਫਤ ਬੱਸ ਸਫਰ ਦੀ ਸਹੂਲਤ ’ਤੇ ਕੋਈ ਇਤਰਾਜ਼ ਨਹੀਂ ਹੈ ਪਰ ਇਸ ਸਬੰਧੀ ਬਣਦੇ ਕਿਰਾਏ ਦਾ ਭੁਗਤਾਨ ਸਰਕਾਰ ਸਮੇਂ ਕਰਨਾ ਯਕੀਨੀ ਬਣਾਵੇ ਤਾਂ ਜੋ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਸ਼ਕਲ ਦਾ ਦੌਰ ਨਾ ਵੇਖਣਾ ਪਵੇ।