ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਅਗਸਤ
ਪਿਛਲੇ ਸਾਢੇ ਦਸ ਮਹੀਨਿਆਂ ਤੋਂ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਆਜ਼ਾਦੀ ਦਿਹਾੜੇ ਨੂੰ ‘ਕਿਸਾਨ ਮਜ਼ਦੂਰ ਮੁਕਤੀ ਸੰਘਰਸ਼ ਦਿਵਸ’ ਵਜੋਂ ਮਨਾਉਂਦਿਆਂ 75 ਸਾਲ ਪਹਿਲਾਂ ਮਿਲੀ ਆਜ਼ਾਦੀ ਨੂੰ ‘ਅਧੂਰੀ’ ਕਰਾਰ ਦਿੱਤਾ। ਸੂਬੇ ਵਿੱਚ ਤਕਰੀਬਨ ਪੌਣੇ ਦੋ ਸੌ ਥਾਵਾਂ ’ਤੇ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨਾਂ ਅਤੇ ਮਜ਼ਦੂਰਾਂ ਨੇ ਭਰਵੀਂ ਹਾਜ਼ਰੀ ਲਵਾਈ। ਹਰ ਥਾਂ ਮੌਜੂਦਾ ਕਿਸਾਨ ਘੋਲ ਦੇ 500 ਤੋਂ ਵੱਧ ਸ਼ਹੀਦਾਂ ਅਤੇ ਕਿਸਾਨ ਲਹਿਰ ਦੇ ਆਗੂ ਚਾਚਾ ਅਜੀਤ ਸਿੰਘ ਦੀ 74ਵੀਂ ਬਰਸੀ ਮੌਕੇ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਸ਼ਰਧਾਂਜਲੀ ਭੇਟ ਕਰਨ ਰਾਹੀਂ ਸਟੇਜ ਦੀ ਸ਼ੁਰੂਆਤ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ 44 ਥਾਵਾਂ ’ਤੇ ਵੱਡੇ ਇਕੱਠ ਕੀਤੇ ਗਏ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਅਡਾਨੀ ਸਾਇਲੋ ਡਗਰੂ (ਮੋਗਾ), ਅਡਾਨੀ ਸੋਲਰ ਪਾਵਰ ਪਲਾਂਟ ਸਰਦਾਰਗੜ੍ਹ (ਬਠਿੰਡਾ) ਅਤੇ ਟੌਲ ਪਲਾਜ਼ਾ ਕਾਲਾਝਾੜ (ਸੰਗਰੂਰ) ਤਿੰਨੋਂ ਥਾਈਂ ਇਕੱਠ ਦੇਖੇ ਗਏ। ਇਸ ਮੌਕੇ ਮੁੱਖ ਬੁਲਾਰਿਆਂ ਵਿੱਚ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸਕੱਤਰ ਹਰਦੀਪ ਸਿੰਘ ਟੱਲੇਵਾਲ, ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਹਰਿੰਦਰ ਕੌਰ ਬਿੰਦੂ, ਪਰਮਜੀਤ ਕੌਰ ਪਿੱਥੋ, ਬੂਟਾ ਸਿੰਘ ਬੁਰਜ ਗਿੱਲ, ਮਨਜੀਤ ਧਨੇਰ ਤੇ ਜਗਮੋਹਣ ਪਟਿਆਲਾ ਸਮੇਤ ਸਬੰਧਤ ਜ਼ਿਲ੍ਹਿਆਂ ਦੇ ਪ੍ਰਧਾਨ ਸਕੱਤਰ ਅਤੇ ਹੋਰ ਆਗੂ ਸ਼ਾਮਲ ਸਨ। ਇਸੇ ਦੌਰਾਨ ਹਨਨ ਮੌਲਾ ਨੇ ਕਿਹਾ ਕਿ ਸੈਂਕੜੇ ਕਿਲੋਮੀਟਰ ਤੱਕ ਫੈਲੇ ਕਿਸਾਨਾਂ ਦੀਆਂ ਹਜ਼ਾਰਾਂ ਗੱਡੀਆਂ ਦੇ ਕਾਫ਼ਲਿਆਂ ਨੇ ਵੱਖ-ਵੱਖ ਥਾਵਾਂ ’ਤੇ ਤਿਰੰਗਾ ਯਾਤਰਾਵਾਂ ਕੱਢੀਆਂ। ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ 17 ਅਗਸਤ ਨੂੰ ‘ਨਰਮਦਾ ਬਚਾਓ ਅੰਦੋਲਨ’ ਦੇ 36 ਸਾਲ ਪੂਰੇ ਹੋਣ ’ਤੇ ਬਡਵਾਨੀ ਵਿੱਚ ‘ਨਰਮਦਾ ਕਿਸਾਨ ਮਜ਼ਦੂਰ ਜਨ ਸੰਸਦ’ ਲਾਈ ਜਾ ਰਹੀ ਹੈ।