ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਜਨਵਰੀ
ਹਲਕਾ ਮੌੜ ਤੋਂ ਕਾਂਗਰਸੀ ਟਿਕਟ ਦੇ ਚਾਹਵਾਨਾਂ ਨੇ ਅੱਜ ਇੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਕੋਲ ਹਲਕਾ ਮੌੜ ਤੋਂ ਕਾਂਗਰਸੀ ਟਿਕਟ ਦੇ ਇੱਛੁਕ ਮੰਗਤ ਰਾਏ ਬਾਂਸਲ ਖ਼ਿਲਾਫ਼ ਵਿਰੋਧ ਦਰਜ ਕਰਵਾਇਆ। ਵਿਧਾਇਕ ਜਗਦੇਵ ਸਿੰਘ ਕਮਾਲੂ ਅਤੇ ਬਾਕੀ ਚਾਹਵਾਨਾਂ ਨੇ ਨਵਜੋਤ ਸਿੱਧੂ ਨੂੰ ਇਹ ਸਪੱਸ਼ਟ ਕਰ ਦਿੱਤਾ ਕਿ ਜੇਕਰ ਕਾਂਗਰਸ ਨੇ ਹਲਕਾ ਮੌੜ ਤੋਂ ਬਾਂਸਲ ਪਰਿਵਾਰ ਨੂੰ ਉਮੀਦਵਾਰ ਬਣਾਇਆ ਤਾਂ ਹਲਕੇ ਦੀ ਕਾਂਗਰਸ ਵਿੱਚ ਖਿਲਾਰਾ ਪੈ ਸਕਦਾ ਹੈ। ਚੇਤੇ ਰਹੇ ਕਿ ਦੋ ਦਿਨ ਪਹਿਲਾਂ ਇਨ੍ਹਾਂ ਚਾਹਵਾਨਾਂ ਨੇ ਹਲਕਾ ਮੌੜ ਵਿੱਚ ਇਕੱਠ ਵੀ ਕੀਤਾ ਸੀ।
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਹਾਮੀ ਭਰਦਿਆਂ ਕਿਹਾ ਕਿ ‘ਮੈਂ ਤੁਹਾਡੇ ਨਾਲ ਹਾਂ।’ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਕਿਹਾ ਕਿ ਹਲਕਾ ਮੌੜ ਤੋਂ ਟਿਕਟ ਦੇਣ ਤੋਂ ਪਹਿਲਾਂ ਉਮੀਦਵਾਰ ਦਾ ਪਿਛੋਕੜ ਅਤੇ ਜਿੱਤਣ ਦੀ ਸਮਰੱਥਾ ਜ਼ਰੂਰ ਦੇਖੀ ਜਾਵੇ। ਜ਼ਿਲ੍ਹਾ ਬਠਿੰਡਾ ਦੇ ਕਾਂਗਰਸ ਦੇ ਐਕਟਿੰਗ ਪ੍ਰਧਾਨ ਰਹੇ ਅਤੇ ਮੰਡੀ ਬੋਰਡ ਦੇ ਮੌਜੂਦਾ ਡਾਇਰੈਕਟਰ ਅਵਤਾਰ ਸਿੰਘ ਗੋਨਿਆਣਾ ਨੇ ਵੀ ਨਵਜੋਤ ਸਿੱਧੂ ਕੋਲ ਮੰਗਤ ਰਾਏ ਬਾਂਸਲ ਖ਼ਿਲਾਫ਼ ਆਪਣਾ ਪੱਖ ਰੱਖਿਆ ਅਤੇ ਦਾਅਵਾ ਜ਼ਾਹਿਰ ਕੀਤਾ।
ਕਾਂਗਰਸੀ ਆਗੂ ਅਤੇ ਸਾਬਕਾ ਚੇਅਰਮੈਨ ਤੇਜਾ ਸਿੰਘ ਦੰਦੀਵਾਲ ਅਤੇ ਸਾਬਕਾ ਮੰਤਰੀ ਗਾਗੋਵਾਲ ਦੇ ਦੋਹਤੇ ਮਨਿੰਦਰ ਸੇਖੋਂ ਨੇ ਵੀ ਸਭਨਾਂ ਦੀ ਹਾਂ ਵਿੱਚ ਹਾਂ ਮਿਲਾਈ। ਇਸ ਮੌਕੇ ਕਾਂਗਰਸੀ ਆਗੂ ਭੁਪਿੰਦਰ ਗੋਰਾ ਨੇ ਕਿਹਾ ਕਿ ਮੰਗਤ ਰਾਏ ਬਾਂਸਲ ਨੇ ਹਲਕਾ ਮੌੜ ਤੋਂ 2012 ਵਿੱਚ ਚੋਣ ਲੜੀ ਸੀ ਅਤੇ ਇਸ ਮਗਰੋਂ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ। ਹਲਕਾ ਮੌੜ ਤੋਂ ਗੁਰਪ੍ਰੀਤ ਸਿੰਘ ਚੱਕ ਵੀ ਦਾਅਵੇਦਾਰ ਹਨ। ਅੱਜ ਇਸੇ ਦੌਰਾਨ ਬਠਿੰਡਾ ਤੋਂ ਕਾਂਗਰਸੀ ਆਗੂ ਕਿਰਨਜੀਤ ਸਿੰਘ ਗਹਿਰੀ ਨੇ ਵੀ ਨਵਜੋਤ ਸਿੱਧੂ ਨਾਲ ਮਿਲਣੀ ਕੀਤੀ।
ਪਾਰਟੀ ਲੋਕ ਆਧਾਰ ਦੇਖ ਲਵੇ: ਬਾਂਸਲ
ਮੰਗਤ ਰਾਏ ਬਾਂਸਲ ਨੇ ਕਿਹਾ ਕਿ ਟਿਕਟ ਮੰਗਣਾ ਹਰ ਕਿਸੇ ਦਾ ਅਧਿਕਾਰ ਹੈ ਪਰ ਜੋ ਲੋਕ ਇਹ ਗੱਲਾਂ ਕਰ ਰਹੇ ਹਨ, ਉਨ੍ਹਾਂ ਦਾ ਵੀ ਪਾਰਟੀ ਨੂੰ ਆਧਾਰ ਦੇਖਣਾ ਚਾਹੀਦਾ ਹੈ। ਬਾਂਸਲ ਨੇ ਕਿਹਾ ਕਿ ਉਹ ਤਾਂ ਪਾਰਟੀ ਦੀ ਗੱਲ ਕਰਦੇ ਹਨ ਅਤੇ ਕੰਮ ’ਤੇ ਧਿਆਨ ਦਿੰਦੇ ਹਨ। ਉਨ੍ਹਾਂ ਕਿਹਾ ਕਿ ਉਹ 2012 ਵਿੱਚ ਮਹਿਜ਼ 1200 ਵੋਟਾਂ ਦੇ ਫਰਕ ਨਾਲ ਹਾਰੇ ਸਨ, ਜਦੋਂ ਕਿ ਉਸ ਵੇਲੇ 15 ਕੁ ਦਿਨ ਪਹਿਲਾਂ ਹੀ ਟਿਕਟ ਐਲਾਨੀ ਗਈ ਸੀ।