ਪਾਲ ਸਿੰਘ ਨੌਲੀ
ਜਲੰਧਰ, 18 ਸਤੰਬਰ
ਪਿੰਡ ਬੁੱਟਰਾਂ ਸਥਿਤ ਗੁਰਦੁਆਰਾ ਸਿੰਘ ਸਭਾ ਵਿੱਚ ਦੇਸ਼ ਦੀ ਵੰਡ ਵੇਲੇ ਤੋਂ ਸਾਂਭੀ ਹੱਥ ਲਿਖਤ ਕੁਰਾਨ ਸ਼ਰੀਫ਼ ਜਲੰਧਰ ਦੀ ਸਭ ਤੋਂ ਵੱਡੀ ਮਸਜਿਦ ਇਮਾਮ ਨਾਸਿਰ ਦੇ ਪ੍ਰਬੰਧਕਾਂ ਨੂੰ ਸੌਂਪ ਦਿੱਤੀ ਹੈ। ਗੁਰਦੁਆਰਾ ਸਿੰਘ ਸਭਾ ਬੁੱਟਰਾਂ ਦੇ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਗ੍ਰੰਥੀ ਗੁਰਮੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬਜ਼ੁਰਗ ਦੱਸਦੇ ਸਨ ਕਿ ਪਿੰਡ ਵਿੱਚ ਮੁਸਲਿਮ ਪਰਿਵਾਰ ਰਹਿੰਦਾ ਸੀ। ਦੇਸ਼ ਦੀ ਵੰਡ ਵੇਲੇ ਇਹ ਪਰਿਵਾਰ ਇੱਥੋਂ ਪਾਕਿਸਤਾਨ ਚਲਾ ਗਿਆ ਅਤੇ ਜਾਣ ਤੋਂ ਪਹਿਲਾਂ ਉਹ ਗੁਰੂ ਘਰ ਵਿੱਚ ਕੁਰਾਨ ਸ਼ਰੀਫ਼ ਰੱਖ ਗਏ ਸਨ। ਮਸਜਿਦ ਇਮਾਮ ਨਾਸਿਰ ਤੋਂ ਆਏ ਪ੍ਰਬੰਧਕਾਂ ਮਸਜਿਦ ਇਮਾਮ ਨਾਸਿਰ ਤੋਂ ਮੌਲਾਨਾ ਅਦਨਾਨ ਜਮਾਈ, ਮੌਲਾਨਾ ਸ਼ਮਸ਼ਾਦ, ਮੁਹੰਮਦ ਕਲੀਮ ਸਿੱਦੀਕੀ ਨੇ ਦੱਸਿਆ ਕਿ ਇਹ ਹੱਥ ਲਿਖਤ ਕੁਰਾਨ ਸ਼ਾਰੀਫ 1938 ਵਿੱਚ ਲਾਹੌਰ ’ਚ ਤਿਆਰ ਕੀਤੀ ਗਈ ਸੀ। ਅਜੇ ਵੀ ਇਸ ਪੁਰਾਤਨ ਕੁਰਾਨ ਸ਼ਰੀਫ ਦੇ ਵਰਕੇ ਸੁਰੱਖਿਅਤ ਹਨ। ਗ੍ਰੰਥੀ ਸਿੰਘ ਨੇ ਦੱਸਿਆ ਕਿ ਗੁਰੂ ਘਰ ਵਿੱਚ ਪਵਿੱਤਰ ਕੁਰਾਨ ਸ਼ਰੀਫ਼ ਨੂੰ ਪੂਰੀ ਸ਼ਾਨ ਨਾਲ ਰੱਖਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਪਿੰਡ ਦੀ ਅਗਲੀ ਪੀੜ੍ਹੀ ਉਰਦੂ ਅਤੇ ਫਾਰਸੀ ਤੋਂ ਜਾਣੂ ਨਹੀਂ ਹੈ। ਇਸ ਲਈ ਉਨ੍ਹਾਂ ਨੇ ਕੁਰਾਨ ਸ਼ਰੀਫ ਨੂੰ ਮਸਜਿਦ ਇਮਾਮ ਨਾਸਿਰ ਨੂੰ ਸੌਂਪਣ ਦਾ ਫ਼ੈਸਲਾ ਕੀਤਾ।