ਜੋਗਿੰਦਰ ਸਿੰਘ ਮਾਨ
ਮਾਨਸਾ, 26 ਮਾਰਚ
ਸੰਯੁਕਤ ਕਿਸਾਨ ਮੋਰਚਾ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਤਿੰਨ ਖੇਤੀ ਕਾਨੂੰਨਾਂ ਸਮੇਤ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਅੱਜ ਪੰਜਾਬ ਵਿਚ ਸਵੇਰ ਤੋਂ ਹੀ ਭਰਪੂਰ ਹੁੰਗਾਰਾ ਮਿਲਿਆ ਹੋਇਆ ਹੈ। ਸਾਰੇ ਪਾਸੇ ਸੜਕੀ ਆਵਾਜਾਈ ਸਮੇਤ ਰੇਲ ਸੇਵਾਵਾਂ ਬੰਦ ਹਨ, ਬਜ਼ਾਰਾਂ ਵਿੱਚ ਚੁੱਪ ਪਸਰੀ ਪਈ ਹੈ ਅਤੇ ਕੇਂਦਰ ਸਰਕਾਰ ਦੇ ਵਿਰੋਧ ਵਿਚ ਥਾਂ- ਥਾਂ ਨਾਅਰੇਬਾਜ਼ੀ ਹੋ ਰਹੀ ਹੈ। ਜਨਤਕ ਜਥੇਬੰਦੀਆਂ ਵੱਲੋਂ ਹਕੂਮਤ ਖ਼ਿਲਾਫ਼ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਬਾਜ਼ਾਰਾਂ ਵਿਚ ਅਮਨ-ਸ਼ਾਂਤੀ ਕਾਇਮ ਰੱਖਣ ਲਈ ਪੁਲੀਸ ਨੂੰ ਤਾਇਨਾਤ ਕੀਤਾ ਗਿਆ ਹੈ। ਬੇਸ਼ੱਕ ਕਮਰਸ਼ੀਅਲ ਬੈਂਕਾਂ ਵਲੋਂ ਇਸ ਹੜਤਾਲ ਵਿੱਚ ਹਮਾਇਤ ਨਹੀਂ ਕੀਤੀ ਗਈ ਹੈ ਪਰ ਕਿਸਾਨ, ਮਜ਼ਦੂਰ, ਵਿਦਿਆਰਥੀ ਅਤੇ ਵਪਾਰਕ ਮੰਡਲਾਂ ਸਮੇਤ ਹੋਰ ਧਿਰਾਂ ਵਲੋਂ ਸ਼ਹਿਰਾਂ ਵਿਚ ਕੀਤੇ ਜਾ ਰਹੇ ਪ੍ਰਦਰਸ਼ਨਾਂ ਦੌਰਾਨ ਬੈਂਕਾਂ ਨੂੰ ਬੰਦ ਕਰਵਾਇਆ ਜਾ ਰਿਹਾ ਹੈ। ਮਾਨਸਾ ਵਿਖੇ ਸੀਪੀਆਈ (ਐੱਮਐਲ) ਲਬਿਰੇਸ਼ਨ ਦੇ ਸੂਬਾਈ ਆਗੂ ਰਾਜਵਿੰਦਰ ਸਿੰਘ ਰਾਣਾ ਦੀ ਅਗਵਾਈ ਹੇਠ ਬੈਂਕਾਂ ਨੂੰ ਬੰਦ ਕਰਵਾਇਆ ਗਿਆ ਹੈ। ਇਸੇ ਦੌਰਾਨ ਹੀ ਕਿਸਾਨ ਜਥੇਬੰਦੀਆਂ ਵਲੋਂ ਥਾਂ ਥਾਂ ਮੁੱਖ ਮਾਰਗਾਂ ਉੱਤੇ ਧਰਨੇ ਦੇ ਕੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਬੱਸ ਅਪਰੇਟਰਾਂ ਵੱਲੋਂ ਸਰਕਾਰੀ ਬੱਸਾਂ ਵਾਲਿਆਂ ਨੂੰ ਨਾਲ ਲੈ ਕੇ ਹਰ ਬੱਸ ਸਟੈਂਡ ਵਿਚ ਕੇਂਦਰ ਸਰਕਾਰ ਦੇ ਵਿਰੁੱਧ ਸੱਥਰ ਵਿਛਾਇਆ ਹੋਇਆ ਹੈ। ਮਾਲਵਾ ਬੱਸ ਅਪਰੇਟਰ ਐਸੋਸੀਏਸ਼ਨ ਦੇ ਪ੍ਰਧਾਨ ਬਲਤੇਜ ਸਿੰਘ ਵਾਂਦਰ ਅਤੇ ਮਾਨਸਾ ਪ੍ਰਾਈਵੇਟ ਬੱਸ ਅਪਰੇਟਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਅਤੇ ਆਗੂ ਗੋਰਾ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਪੂਰੇ ਪੰਜਾਬ ਵਿਚ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦਾ ਚੱਕਾ ਜਾਮ ਕੀਤਾ ਹੋਇਆ ਹੈ।
ਜ਼ਿਲ੍ਹਾ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਪੂਰੇ ਪੰਜਾਬ ਵਿਚੋਂ ਰਿਪੋਰਟਾਂ ਆਈਆਂ ਹਨ ਕਿ ਸਾਰੇ ਪਾਸੇ ਆੜ੍ਹਤੀਆਂ ਸਮੇਤ ਸਮੁੱਚੇ ਵਪਾਰਕ ਅਦਾਰਿਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਆਪੋ-ਆਪਣੇ ਅਦਾਰੇ ਬੰਦ ਕੀਤੇ ਗਏ ਹਨ।