ਐਸਏਐਸ ਨਗਰ (ਮੁਹਾਲੀ): ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਆਖਿਆ ਕਿ ਪਟਿਆਲਾ ਕੀ ਰਾਓ ’ਤੇ ਪੰਜ ਪੁਲਾਂ ਦੀ ਉਸਾਰੀ ਲਈ ਕੇਂਦਰ ਸਰਕਾਰ ਤੋਂ ਨਾਬਾਰਡ ਰਾਹੀਂ ਕਰੀਬ 11.22 ਕਰੋੜ ਰੁਪਏ ਦਾ ਫੰਡ ਮਨਜ਼ੂਰ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਬਰਸਾਤੀ ਨਦੀਆਂ ’ਤੇ ਜਲਦੀ ਹੀ ਪੁਲਾਂ ਦੀ ਉਸਾਰੀ ਆਰੰਭ ਦਿੱਤੀ ਜਾਵੇਗੀ।ਸ੍ਰੀ ਤਿਵਾੜੀ ਨੇ ਕਿਹਾ ਕਿ ਚੰਡੀਗੜ੍ਹ ਤੋਂ ਪੰਜ ਕਿਲੋਮੀਟਰ ਦੂਰ ਖਰੜ ਵਿਧਾਨ ਸਭਾ ਹਲਕੇ ਦੇ ਲੋਕ ਬਰਸਾਤ ਦੇ ਮੌਸਮ ਵਿੱਚ ਬਾਕੀ ਦੁਨੀਆ ਨਾਲੋਂ ਕੱਟੇ ਜਾਂਦੇ ਹਨ। ਇਨ੍ਹਾਂ ਪੁਲਾਂ ਦੇ ਨਿਰਮਾਣ ਲਈ ਉਹ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਨਾਬਾਰਡ ਨੂੰ ਲਗਾਤਾਰ ਪੱਤਰ ਲਿਖਦੇ ਆ ਰਹੇ ਸਨ। ਉਨ੍ਹਾਂ ਕਿਹਾ ਕਿ ਪਹਾੜਾਂ ਨੇੜੇ ਪੈਂਦੀਆਂ ਇਨ੍ਹਾਂ ਨਦੀਆਂ ਦੇ ਪਾਣੀ ਕਾਰਨ ਲੋਕਾਂ ਦੀ ਜਾਨ ਨੂੰ ਖਤਰਾ ਖੜ੍ਹਾ ਹੋ ਜਾਂਦਾ ਸੀ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਟਾਂਡੀ ਪਿੰਡ ਦੀ ਇੱਕ ਮਹਿਲਾ ਸਰਪੰਚ ਤੇ ਉਸ ਦੇ ਪਤੀ ਦੀ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਮੌਤ ਵੀ ਹੋ ਚੁੱਕੀ ਹੈ। ਸ੍ਰੀ ਤਿਵਾੜੀ ਨੇ ਦੱਸਿਆ ਕਿ ਇੱਥੇ ਪੁਲਾਂ ਦੀ ਉਸਾਰੀ ਹੋਣ ਨਾਲ ਇਸ ਖੇਤਰ ਦੀ ਤਰੱਕੀ ਹੋਵੇਗੀ ਅਤੇ ਸਥਾਨਕ ਲੋਕਾਂ ਦੀਆਂ ਮੁਸ਼ਕਿਲਾਂ ਵੀ ਹੱਲ ਹੋ ਜਾਣਗੀਆਂ। -ਖੇਤਰੀ ਪ੍ਰਤੀਨਿਧ