ਜੋਗਿੰਦਰ ਸਿੰਘ ਮਾਨ
ਮਾਨਸਾ, 2 ਸਤੰਬਰ
ਨੇੜਲੇ ਪਿੰਡ ਫੱਤਾ ਮਾਲੋਕਾ ਦੇ ਫੌਜੀ ਸੁਖਵੀਰ ਸਿੰਘ (43) ਪੁੱਤਰ ਗੁਰਦੇਵ ਸਿੰਘ ਫੱਤਾ ਮਾਲੋਕਾ ਆਰਮੀ ਯੂਨਿਟ ਲੱਦਾਖ ਵਿੱਚ ਫੌਜ ’ਚ ਨੌਕਰੀ ਕਰਦਾ ਸੀ। 31 ਅਗਸਤ ਨੂੰ ਡਿਊਟੀ ਦੌਰਾਨ ਫੌਜ ਦੀ ਗੱਡੀ ਥੱਲੇ ਆਉਣ ਕਾਰਨ ਉਸ ਦੀ ਮੌਤ ਹੋ ਗਈ। ਪੋਸਟਮਾਰਟਮ ਕਰਵਾਉਣ ਉਪਰੰਤ ਉਸ ਦੀ ਦੇਹ ਨੂੰ ਬੀਤੀ ਦੇਰ ਸ਼ਾਮ ਨੂੰ ਪਿੰਡ ਫੱਤਾ ਮਾਲੋਕਾ ਵਿੱਚ ਲਿਆਂਦਾ ਗਿਆ। ਮਗਰੋਂ ਕਾਫਲੇ ਦੇ ਰੂਪ ਵਿੱਚ ਦੇਹ ਨੂੰ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਲਿਜਾਇਆ ਗਿਆ, ਜਿੱਥੇ ਸੂਬੇਦਾਰ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਫੌਜ ਦੇ ਜਵਾਨਾਂ ਨੇ ਉਸ ਨੂੰ ਸਲਾਮੀ ਦਿੱਤੀ। ਮਗਰੋਂ ਸਰਕਾਰੀ ਸਨਮਾਨਾਂ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਸ਼ਹੀਦ ਫੌਜੀ ਆਪਣੇ ਪਿੱਛੇ ਪਤਨੀ ਕਰਮਜੀਤ ਕੌਰ ਤੋਂ ਇਲਾਵਾ ਦੋ ਪੁੱਤਰਾਂ ਨੂੰ ਛੱਡ ਗਿਆ ਹੈ। ਪਿੰਡ ਦੀ ਪੰਚਾਇਤ ਨੇ ਪਰਿਵਾਰ ਨੂੰ ਸਰਕਾਰ ਵੱਲੋਂ ਬਣਦਾ ਯੋਗ ਮੁਆਵਜ਼ੇ ਸਣੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ। ਇਸ ਮੌਕੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਡੀਐੱਸਪੀ ਮਨਜੀਤ ਸਿੰਘ ਸਰਦੂਲਗੜ੍ਹ, ਸਰਪੰਚ ਗੁਰਸੇਵਕ ਸਿੰਘ ਫੱਤਾ ਮਾਲੋਕਾ, ਸੰਦੀਪ ਸਿੰਘ ਕਾਲਾ, ਜਗਦੀਸ਼ ਸਿੰਘ ਹਾਜ਼ਰ ਸਨ।