ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 6 ਦਸੰਬਰ
‘ਗੋਰੀ’ ਵਰਗੇ ਸਦਾਬਹਾਰ ਨਾਵਲ ਸਣੇ ਕਰੀਬ ਦਰਜਨ ਭਰ ਪੁਸਤਕਾਂ ਦੇ ਰਚਨ ਵਾਲੇ ਅਤੇ ਢਾਹਾਂ ਕੈਨੇਡਾ, ਪੰਜਾਬੀ ਅਕਾਦਮੀ ਦਿੱਲੀ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਪੰਜਾਬੀ ਭਾਸ਼ਾ ਵਿਭਾਗ ਪੰਜਾਬ ਸਣੇ ਕਈ ਸੰਸਥਾਵਾਂ ਵੱਲੋਂ ਸਨਮਾਨਿਤ ਪੰਜਾਬੀ ਦੇ ਸਿਰਮੌਰ ਕਹਾਣੀਕਾਰ ਤੇ ਨਾਵਲਕਾਰ ਗੁਰਦੇਵ ਸਿੰਘ ਰੁਪਾਣਾ ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਰੁਪਾਣਾ ’ਚ ਕੀਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਨੇਮਪਾਲ ਸਿੰਘ ਅਤੇ ਪ੍ਰੀਤਪਾਲ ਰੁਪਾਣਾ ਨੇ ਦਿਖਾਈ।
ਇਸ ਮੌਕੇ ਪੰਜਾਬ ਸਰਕਾਰ ਦੀ ਆਰਟਸ ਕੌਂਸਲ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਵੱਲੋਂ ਕੌਂਸਲ ਦੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਨੇ ਮ੍ਰਿਤਕ ਦੇਹ ਉੱਪਰ ਫੁੱਲ ਮਾਲਾ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਇਸ ਮੌਕੇ ਕਿਹਾ ਕਿ ਸ੍ਰੀ ਰੁਪਾਣਾ ਵੱਲੋਂ ਸਾਹਿਤ ਨੂੰ ਦਿੱਤੀ ਦੇਣ ਕਰਕੇ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸ੍ਰੀ ਘੁਗਿਆਣਵੀ ਨੇ ਦੱਸਿਆ ਕਿ ਕਲਾ ਪ੍ਰੀਸ਼ਦ ਵੱਲੋਂ ਸ੍ਰੀ ਰੁਪਾਣਾ ਦੀ ਯਾਦ ਵਿੱਚ ਇਕ ਕਹਾਣੀ ਦਰਬਾਰ ਜਲਦ ਹੀ ਕਰਵਾਇਆ ਜਾਵੇਗਾ। ਇਸ ਮੌਕੇ ਸਾਹਿਤਕ ਸੱਥ ਮੁਕਤਸਰ ਦੇ ਪ੍ਰਧਾਨ ਡਾ. ਪਰਮਜੀਤ ਸਿੰਘ ਢੀਂਗਰਾ, ਗੁਰਜੀਤ ਐਮੀ, ਸਾਹਿਤ ਸਭਾ ਦੇ ਪ੍ਰਧਾਨ ਭੁਪਿੰਦਰ ਕੌਰ ਪ੍ਰੀਤ ਤੇ ਜਨਰਲ ਸਕੱਤਰ ਰਣਜੀਤ ਥਾਂਦੇਵਾਲਾ, ਹਰਜਿੰਦਰ ਸੂਰੇਵਾਲੀਆ, ਕੁਲਵੰਤ ਗਿੱਲ, ਐਡਵੋਕੇਟ ਅਨੁਰਾਗ ਸ਼ਰਮਾ ਵੀ ਮੌਜੂਦ ਸਨ।