ਗੁਰਬਖਸ਼ਪੁਰੀ
ਤਰਨ ਤਾਰਨ, 10 ਜੁਲਾਈ
ਲਾਂਸ ਨਾਇਕ ਸੂਬੇਦਾਰ ਕੁਲਦੀਪ ਸਿੰਘ ਦਾ ਸਸਕਾਰ ਅੱਜ ਉਸ ਦੇ ਜੱਦੀ ਪਿੰਡ ਸਵਰਗਾਪੁਰੀ (ਨੇੜੇ ਝਬਾਲ) ਦੇ ਸ਼ਮਸ਼ਾਨਘਾਟ ਵਿੱਚ ਅੱਜ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ| ਸ਼ਹੀਦ ਦੀ ਚਿਤਾ ਨੂੰ ਅਗਨੀ ਉਸ ਦੇ 15 ਸਾਲ ਦੇ ਬੇਟੇ ਹਰਦੀਪ ਸਿੰਘ ਨੇ ਦਿੱਤੀ| ਭਾਰਤੀ ਫ਼ੌਜ ਦੀ 16 ਕੋਰ ਦੇ ਜਵਾਨ ਕੁਲਦੀਪ ਸਿੰਘ ਦੀ ਸ਼ਨਿਚਰਵਾਰ ਨੂੰ ਜੰਮੂ-ਕਸ਼ਮੀਰ ਵਿੱਚ ਡੋਗਰਾ ਨਾਲੇ ਵਿੱਚ ਰੁੜ੍ਹਦੇ ਆਪਣੇ ਸਾਥੀ ਤੇਲੂ ਰਾਮ ਨੂੰ ਬਚਾਉਂਦਿਆਂ ਖੁਦ ਰੁੜ੍ਹਣ ਕਾਰਨ ਮੌਤ ਹੋ ਗਈ ਸੀ|
ਕੁਲਦੀਪ ਸਿੰਘ ਦੀ ਲਾਸ਼ ਫੌਜੀ ਵਾਹਨ ਵਿੱਚ ਲਿਆਂਦੀ ਗਈ ਜਿਸ ਨੂੰ ਵੱਡੀ ਗਿਣਤੀ ਇਲਾਕਾ ਨਿਵਾਸੀ ਤਰਨ ਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੀ ਅਗਵਾਈ ਵਿੱਚ ਸ਼ਹੀਦ ਦੇ ਜੱਦੀ ਪਿੰਡ ਸਵਰਗਾਪੁਰੀ ਤੱਕ ਲੈ ਕੇ ਗਏ| ਪਿੰਡ ਦੇ ਸ਼ਮਸ਼ਾਨਘਾਟ ਵਿੱਚ ਸ਼ਹੀਦ ਕੁਲਦੀਪ ਸਿੰਘ ਦੀ ਦੇਹ ’ਤੇ ਫੌਜੀ ਅਧਿਕਾਰੀਆਂ ਤੋਂ ਇਲਾਵਾ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਫੁੱਲ ਮਾਲਾਵਾਂ ਭੇਂਟ ਕੀਤੀਆਂ| ਕੁਲਦੀਪ ਸਿੰਘ ਆਪਣੇ ਪਿੱਛੇ ਮਾਤਾ-ਪਿਤਾ ਤੋਂ ਇਲਾਵਾ ਵਿਧਵਾ ਅਤੇ ਲੜਕਾ-ਲੜਕੀ ਦੋ ਬੱਚੇ ਛੱਡ ਗਿਆ ਹੈ| ਵਿਧਾਇਕ ਡਾ. ਸੋਹਲ ਨੇ ਸਹੀਦ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਲਾਭ ਦੇਣ ਦਾ ਭਰੋਸਾ ਦਿੱਤਾ ਹੈ|