ਹਰਪਾਲ ਸਿੰਘ ਨਾਗਰਾ
ਫਤਹਿਗੜ੍ਹ ਚੂੜੀਆਂ, 13 ਅਕਤੂਬਰ
ਜੰਮੂ ਡਿਵੀਜਨ ਅਧੀਨ ਜ਼ਿਲ੍ਹਾ ਰਾਜੌਰੀ ਸੈਕਟਰ ਵਿੱਚ ਸ਼ਹੀਦ ਹੋਏ ਪਿੰਡ ਚੱਠਾ ਦੇ ਸ਼ਹੀਦ ਮਨਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੱਜ ਬਾਅਦ ਦੁਪਹਿਰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਫ਼ੌਜ ਵੱਲੋਂ ਸ਼ਹੀਦ ਨੂੰ ਸਲਾਮੀ ਦਿੱਤੀ ਗਈ। ਸ਼ਹੀਦ ਮਨਦੀਪ ਸਿੰਘ ਦੀ ਤਿਰੰਗੇ ਵਿੱਚ ਲਿਪਟੀ ਦੇਹ ਜਦੋਂ ਪਿੰਡ ਚੱਠਾ ਪਹੁੰਚੀ ਤਾਂ ਸ਼ਹੀਦ ਅਮਰ ਰਹੇ ਦੇ ਨਾਅਰਿਆਂ ਨਾਲ ਅਸਮਾਨ ਗੂੰਜ ਉੱਠਿਆ ਅਤੇ ਮਹੌਲ ਬੇਹੱਦ ਗ਼ਮਗੀਨ ਹੋ ਗਿਆ। ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਪਿੰਡ ਚੱਠਾ ਵਿਖੇ ਦੂਰ-ਦੂਰ ਤੋਂ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਤਿ੍ਪਤ ਰਜਿੰਦਰ ਸਿੰਘ ਬਾਜਵਾ, ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫ਼ਾਕ, ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ, ਐੱਸਐੱਸਪੀ ਗੁਰਦਾਸਪੁਰ ਨਾਨਕ ਸਿੰਘ ਅਤੇ ਫ਼ੌਜ ਦੇ ਉੱਚ ਅਧਿਕਾਰੀਆਂ ਨੇ ਪਿੰਡ ਚੱਠਾ ਵਿਖੇ ਪਹੁੰਚ ਕੇ ਭਾਰਤੀ ਫੌਜ ਦੇ ਜਵਾਨ ਸ਼ਹੀਦ ਨਾਇਕ ਮਨਦੀਪ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸ੍ਰੀ ਬਾਜਵਾ ਨੇ ਸ਼ਹੀਦ ਦੇ ਪਿਤਾ ਇੰਦਰ ਸਿੰਘ, ਮਾਤਾ ਮਨਜੀਤ ਕੌਰ, ਸ਼ਹੀਦ ਦੀ ਪਤਨੀ ਮਨਦੀਪ ਕੌਰ ਅਤੇ ਸ਼ਹੀਦ ਦੇ ਭਰਾਵਾਂ ਨੂੰ ਇਸ ਦੁੱਖ ਦੀ ਘੜੀ ਵਿੱਚ ਹੌਂਸਲਾ ਦਿੱਤਾ।