ਗੁਰਪ੍ਰੀਤ ਸਿੰਘ/ਸੁੱਚਾ ਸਿੰਘ ਪਸਨਾਵਾਲ/ਜਤਿੰਦਰ ਬੈਂਸ
ਘਨੌਰ/ਧਾਰੀਵਾਲ/ਗੁਰਦਾਸਪੁਰ, 18 ਜੂਨ
ਭਾਰਤ-ਚੀਨ ਦੀ ਲੱਦਾਖ ਸਰਹੱਦ ’ਤੇ ਗਲਵਾਨ ਘਾਟੀ ਵਿਚ ਸੋਮਵਾਰ ਰਾਤ ਨੂੰ ਭਾਰਤ ਤੇ ਚੀਨ ਦੀਆਂ ਫ਼ੌਜਾਂ ਵਿਚਾਲੇ ਹੋਈ ਹਿੰਸਕ ਝੜਪ ਦੌਰਾਨ ਸ਼ਹੀਦ ਹੋਏ ਹਲਕਾ ਘਨੌਰ ਦੇ ਪਿੰਡ ਸੀਲ ਦੇ ਨਾਇਬ ਸੂਬੇਦਾਰ ਮਨਦੀਪ ਸਿੰਘ ਦਾ ਅੱਜ ਸੀਲ ਦੇ ਸ਼ਮਸ਼ਾਨਘਾਟ ਵਿਚ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭੋਜਰਾਜ ਦੇ ਵਸਨੀਕ ਨਾਇਬ ਸੂਬੇਦਾਰ ਸਤਨਾਮ ਸਿੰਘ (42) ਦਾ ਉਨ੍ਹਾਂ ਦੇ ਜੱਦੀ ਪਿੰਡ ਵਿਚ ਫ਼ੌਜੀ ਅਤੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ।
ਸ਼ਹੀਦ ਮਨਦੀਪ ਸਿੰਘ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ 11 ਸਾਲਾ ਪੁੱਤਰ ਜੋਬਨਪ੍ਰੀਤ ਸਿੰਘ ਨੇ ਦਿਖਾਈ ਜਦੋਂ ਕਿ ਸ਼ਹੀਦ ਸਤਨਾਮ ਸਿੰਘ ਦੀ ਚਿਖਾ ਨੂੰ ਉਨ੍ਹਾਂ ਦੇ 17 ਸਾਲਾ ਬੇਟੇ ਪ੍ਰਭਜੋਤ ਸਿੰਘ ਨੇ ਅਗਨੀ ਦਿੱਤੀ। ਮੁੱਖ ਮੰਤਰੀ ਤਰਫ਼ੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸ਼ਹੀਦ ਮਨਦੀਪ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਜੈਕਾਰਿਆਂ ਤੇ ‘ਸ਼ਹੀਦ ਮਨਦੀਪ ਸਿੰਘ ਅਮਰ ਰਹੇ’ ਦੇ ਨਾਅਰਿਆਂ ਨਾਲ ਅਸਮਾਨ ਗੂੰਜ ਉੱਠਿਆ। ਫ਼ੌਜੀ ਅਧਿਕਾਰੀਆਂ ਨੇ ਸ਼ਹੀਦ ਮਨਦੀਪ ਸਿੰਘ ਦੇ ਤਾਬੂਤ ’ਤੇ ਲਿਪਟਿਆ ਤਿੰਰਗਾ ਸ਼ਹੀਦ ਦੇ ਪਰਿਵਾਰ ਨੂੰ ਸੌਂਪਿਆ। ਸ਼ਹੀਦ ਦੀ ਮਾਤਾ ਸ਼ੰਕੁਤਲਾ ਕੌਰ, ਪਤਨੀ ਗੁਰਦੀਪ ਕੌਰ, ਬੇਟੀ ਮਹਿਕਪ੍ਰੀਤ ਕੌਰ ਅਤੇ ਬੇਟੇ ਜੋਬਨਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਸਿਜਦਾ ਕੀਤਾ। ਇਸ ਤੋਂ ਪਹਿਲਾਂ ਪਿੰਡ ਦੀ ਧਰਮਸ਼ਾਲਾ ਵਿਚ ਇਲਾਕੇ ਦੇ ਵੱਡੀ ਗਿਣਤੀ ਲੋਕਾਂ ਨੇ ਸ਼ਹੀਦ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
ਇਸੇ ਤਰ੍ਹਾਂ ਭਾਰਤੀ ਫ਼ੌਜ ਦੀ 3 ਮੀਡੀਅਮ ਰੈਜੀਮੈਂਟ ਦੇ ਨਾਇਬ ਸੂਬੇਦਾਰ ਸਤਨਾਮ ਸਿੰਘ ਨੂੰ ਭਾਰਤੀ ਫ਼ੌਜ ਦੀ 1871 ਫੀਲਡ ਰੈਜੀਮੈਂਟ ਅਤੇ ਪੰਜਾਬ ਪੁਲੀਸ ਦੇ ਜਵਾਨਾਂ ਦੀਆਂ ਟੁਕੜੀਆਂ ਨੇ ਹਥਿਆਰਾਂ ਨਾਲ ਸਲਾਮੀ ਦੇ ਕੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਦੇ 17 ਸਾਲਾ ਬੇਟੇ ਪ੍ਰਭਜੋਤ ਸਿੰਘ ਨੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਦਿੱਤੀ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ਹੀਦ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ, 12 ਲੱਖ ਰੁਪਏ ਐਕਸਗ੍ਰੇਸ਼ੀਆ ਗ੍ਰਾਂਟ ਦੇਣ ਅਤੇ ਪਿੰਡ ਦੀ ਸੜਕ ’ਤੇ ਸ਼ਹੀਦ ਦੇ ਨਾਂ ਦਾ ਯਾਦਗਾਰੀ ਗੇਟ ਬਣਾਉਣ ਦਾ ਐਲਾਨ ਕੀਤਾ। ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਸ਼ਹੀਦ ਦੇ ਪਰਿਵਾਰ ਨੂੰ ਦਿੱਤੀ ਜਾਣ ਵਾਲੀ ਹਰ ਸਹੂਲਤ ਦੀ ਪ੍ਰਕਿਰਿਆ ਤੁਰੰਤ ਪੂਰੀ ਕੀਤੀ ਜਾਵੇਗੀ। ਸ਼ਹੀਦ ਦੀ ਅੰਤਿਮ ਵਿਦਾਇਗੀ ਮੌਕੇ ਉਨ੍ਹਾਂ ਦੇ ਪਿਤਾ ਜਗੀਰ ਸਿੰਘ, ਮਾਤਾ ਜਸਬੀਰ ਕੌਰ, ਭਰਾ ਸੂਬੇਦਾਰ ਸੁਖਚੈਨ ਸਿੰਘ, ਪਤਨੀ ਜਸਵਿੰਦਰ ਕੌਰ, ਬੇਟੀ ਸੰਦੀਪ ਕੌਰ (19), ਬੇਟਾ ਪ੍ਰਭਜੋਤ ਸਿੰਘ, ਰਿਸ਼ਤੇਦਾਰ, ਦੋਸਤ ਮਿੱਤਰ ਤੇ ਵੱਡੀ ਗਿਣਤੀ ਲੋਕ ਹਾਜ਼ਰ ਸਨ।